Bible Languages

Indian Language Bible Word Collections

Bible Versions

Books

Ezekiel Chapters

Ezekiel 32 Verses

Bible Versions

Books

Ezekiel Chapters

Ezekiel 32 Verses

1 ਬਾਰਵੇਂ ਵਰ੍ਹੇ ਦੇ ਬਾਰਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 ਹੇ ਆਦਮੀ ਦੇ ਪੁੱਤ੍ਰ, ਮਿਸਰ ਦੇ ਰਾਜਾ ਫ਼ਿਰਊਨ ਉੱਤੇ ਵੈਣ ਪਾ ਅਤੇ ਤੂੰ ਉਹ ਨੂੰ ਆਖ, - ਤੂੰ ਕੌਮਾਂ ਦੇ ਵਿੱਚ ਜੁਆਨ ਸ਼ੇਰ ਵਾਂਙੁ ਸੈਂ, ਪਰ ਤੂੰ ਸਮੁੰਦਰਾਂ ਵਿੱਚ ਜਲ ਜੰਤੂ ਵਰਗਾ ਹੈਂ, ਤੂੰ ਆਪਣੀਆਂ ਨਦੀਆਂ ਵਿੱਚੋਂ ਜ਼ੋਰ ਨਾਲ ਨਿੱਕਲ ਆਉਂਦਾ ਹੈਂ, ਅਤੇ ਤੂੰ ਆਪਣੇ ਪੈਰਾਂ ਨਾਲ ਪਾਣੀ ਨੂੰ ਘਚੋਲ ਸੁੱਟਿਆ ਹੈ, ਅਤੇ ਉਨ੍ਹਾਂ ਦੀਆਂ ਨਦੀਆਂ ਨੂੰ ਗੰਦਾ ਕਰ ਦਿੱਤਾ ਹੈ।
3 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਮੈਂ ਬਹੁਤਿਆਂ ਲੋਕਾਂ ਦੀ ਸਭਾ ਨਾਲ ਤੇਰੇ ਉੱਤੇ ਆਪਣਾ ਜਾਲ ਵਿਛਾਵਾਂਗਾ, ਅਤੇ ਓਹ ਤੈਨੂੰ ਮੇਰੇ ਹੀ ਜਾਲ ਵਿੱਚ ਬਾਹਰ ਕੱਢਣਗੇ।
4 ਤਦੋਂ ਮੈਂ ਤੈਨੂੰ ਧਰਤੀ ਤੇ ਛੱਡ ਦਿਆਂਗਾ, ਅਤੇ ਖੁਲ੍ਹੇ ਖੇਤ ਵਿੱਚ ਤੈਨੂੰ ਸੁੱਟ ਦਿਆਂਗਾ, ਅਤੇ ਅਕਾਸ਼ ਦੇ ਸਾਰੇ ਪੰਛੀਆਂ ਨੂੰ ਤੇਰੇ ਉੱਤੇ ਬਿਠਾਵਾਂਗਾ, ਅਤੇ ਸਾਰੀ ਧਰਤੀ ਦੇ ਦਰਿੰਦੀਆਂ ਨੂੰ ਤੇਰੇ ਨਾਲ ਰਜਾਵਾਂਗਾ।
5 ਅਤੇ ਤੇਰਾ ਮਾਸ ਪਰਬਤਾਂ ਉੱਤੇ ਸੁੱਟਾਂਗਾ, ਅਤੇ ਵਾਦੀਆਂ ਨੂੰ ਤੇਰੀਆਂ ਲੋਥਾਂ ਨਾਲ ਭਰ ਦਿਆਂਗਾ।
6 ਅਤੇ ਮੈਂ ਉਸ ਧਰਤੀ ਨੂੰ ਜਿਸ ਦੇ ਵਿੱਚ ਤੂੰ ਤਰਦਾ ਸੈਂ, ਪਰਬਤਾਂ ਤੀਕਰ ਤੇਰੇ ਲਹੂ ਨਾਲ ਸਿੰਜਾਂਗਾ, ਅਤੇ ਨਹਿਰਾਂ ਤੇਰੇ ਨਾਲ ਭਰੀਆਂ ਹੋਣਗੀਆਂ।
7 ਜਦੋਂ ਮੈਂ ਤੈਨੂੰ ਮਿਟਾ ਦਿਆਂਗਾ ਤਾਂ ਅਕਾਸ਼ ਨੂੰ ਢੱਕਾਂਗਾ, ਅਤੇ ਉਹ ਦੇ ਤਾਰਿਆਂ ਨੂੰ ਕਾਲਾ ਕਰ ਦਿਆਂਗਾ, ਸੂਰਜ ਨੂੰ ਬੱਦਲਾਂ ਹੇਠ ਲੁਕਾ ਦਿਆਂਗਾ, ਅਤੇ ਚੰਨ ਆਪਣਾ ਚਾਨਣ ਨਾ ਦੇਵੇਗਾ।
8 ਅਤੇ ਮੈਂ ਚਾਨਣ ਦੇਣ ਵਾਲੀਆਂ ਸਾਰੀਆਂ ਅਕਾਸ਼ੀ ਜੋਤਾਂ ਨੂੰ, ਤੇਰੇ ਉੱਤੇ ਕਾਲਾ ਕਰ ਦਿਆਂਗਾ, ਅਤੇ ਮੈਂ ਤੇਰੀ ਧਰਤੀ ਤੇ ਅਨ੍ਹੇਰਾ ਪਾ ਦਿਆਂਗਾ, ਪ੍ਰਭੁ ਯਹੋਵਾਹ ਦਾ ਵਾਕ ਹੈ।।
9 ਮੈਂ ਜਦੋਂ ਤੇਰੀ ਬਰਬਾਦੀ ਕੌਮਾਂ ਦੇ ਵਿੱਚ ਉਨ੍ਹਾਂ ਦੇਸਾਂ ਉੱਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਲਿਆਵਾਂਗਾ ਤਾਂ ਬਹੁਤਿਆਂ ਲੋਕਾਂ ਦੇ ਦਿਲ ਮੈਂ ਦੁਖੀ ਕਰਾਂਗਾ
10 ਸਗੋਂ ਬਹੁਤ ਸਾਰਿਆਂ ਲੋਕਾਂ ਨੂੰ ਤੇਰੇ ਉੱਤੇ ਹੈਰਾਨ ਕਰਾਂਗਾ ਅਤੇ ਉਨ੍ਹਾਂ ਦੇ ਪਾਤਸ਼ਾਹ ਤੇਰੇ ਲਈ ਬਹੁਤ ਡਰਨਗੇ, ਜਦੋਂ ਮੈਂ ਉਨ੍ਹਾਂ ਦੇ ਸਾਹਮਣੇ ਆਪਣੀ ਤਲਵਾਰ ਚਮਕਾਵਾਂਗਾ ਤਾਂ ਉਨ੍ਹਾਂ ਵਿੱਚੋਂ ਹਰੇਕ ਮਨੁੱਖ ਆਪਣੀ ਜਾਨ ਦੇ ਲਈ, ਤੇਰੇ ਡਿੱਗਣ ਦੇ ਦਿਹਾੜੇ ਤੋਂ ਹਰ ਘੜੀ ਕੰਬੇਗਾ
11 ਕਿਉਂ ਜੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਬਾਬਲ ਦੇ ਪਾਤਸ਼ਾਹ ਦੀ ਤਲਵਾਰ ਤੇਰੇ ਉੱਤੇ ਆਵੇਗੀ
12 ਮੈਂ ਤੇਰੀ ਭੀੜ ਨੂੰ ਜ਼ੋਰਾਵਾਰਾਂ ਦੀਆਂ ਤਲਵਾਰਾਂ ਨਾਲ ਜਿਹੜੇ ਸਾਰੇ ਦੇ ਸਾਰੇ ਕੌਮਾਂ ਵਿੱਚੋਂ ਭਿਆਣਕ ਹਨ, ਡੇਗ ਦਿਆਂਗਾ।। ਓਹ ਮਿਸਰ ਦੀ ਮਗਰੂਰੀ ਨੂੰ ਮਲੀਆ ਮੇਟ ਕਰਨਗੇ, ਅਤੇ ਉਸ ਦੀ ਸਾਰੀ ਭੀੜ ਦਾ ਨਾਸ ਹੋਵੇਗਾ।
13 ਮੈਂ ਉਹ ਦੇ ਸਾਰੇ ਪਸੂਆਂ ਨੂੰ ਬਹੁਤੇ ਪਾਣੀਆਂ ਦੇ ਲਾਗਿਓਂ ਨਾਸ ਕਰ ਦਿਆਂਗਾ, ਅਤੇ ਅੱਗੇ ਨੂੰ ਨਾ ਹੀ ਆਦਮੀ ਦੇ ਪੈਰ ਉਨ੍ਹਾਂ ਨੂੰ ਗੰਦਾ ਕਰਨਗੇ, ਨਾ ਹੀ ਪਸੂਆਂ ਦੇ ਖੁਰ ਉਨ੍ਹਾਂ ਨੂੰ ਗੰਦਾ ਕਰਨਗੇ।
14 ਤਦੋਂ ਮੈਂ ਉਨ੍ਹਾਂ ਦੇ ਪਾਣੀ ਸਾਫ ਕਰ ਦਿਆਂਗਾ, ਅਤੇ ਉਨ੍ਹਾਂ ਦੀਆਂ ਨਹਿਰਾਂ ਤੇਲ ਵਾਂਙੁ ਵਗਾਈਆਂ ਜਾਣਗੀਆਂ, ਪ੍ਰਭੁ ਯਹੋਵਾਹ ਦਾ ਵਾਕ ਹੈ।
15 ਜਦੋਂ ਮੈਂ ਮਿਸਰ ਦੇ ਦੇਸ ਨੂੰ ਉਜਾੜ ਪੁਜਾੜ ਦਿਆਂਗਾ, ਅਤੇ ਦੇਸ ਦੀ ਭਰਪੂਰੀ ਨੂੰ ਵਿਰਾਨ ਕਰ ਦਿਆਂਗਾ, ਜਦੋਂ ਮੈਂ ਉਸ ਦੇ ਵਿੱਚ ਦੇ ਸਾਰੇ ਵਾਸੀਆਂ ਨੂੰ ਮਾਰਾਂਗਾ, ਤਦ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ।
16 ਇਹ ਉਹ ਵੈਣ ਹੈ ਅਤੇ ਓਹ ਵੈਣ ਪਾਉਣਗੀਆਂ, ਕੌਮਾਂ ਦੀਆਂ ਧੀਆਂ ਇਸ ਨਾਲ ਵੈਣ ਪਾਉਣਗੀਆਂ, ਓਹ ਮਿਸਰ ਉੱਤੇ ਅਤੇ ਉਹ ਦੀ ਸਾਰੀ ਭੀੜ ਉੱਤੇ ਇਹੋ ਵੈਣ ਪਾਉਣਗੀਆਂ, ਪ੍ਰਭੁ ਯਹੋਵਾਹ ਦਾ ਵਾਕ ਹੈ।।
17 ਫੇਰ ਬਾਰਵੇਂ ਵਰ੍ਹੇ ਵਿੱਚ ਮਹੀਨੇ ਦੇ ਪੰਦਰਵੇਂ ਦਿਨ ਐਉਂ ਹੋਇਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ
18 ਕਿ ਹੇ ਆਦਮੀ ਦੇ ਪੁੱਤ੍ਰ, ਮਿਸਰ ਦੀ ਭੀੜ ਉੱਤੇ ਰੋਣਾ ਪਿੱਟਣਾ ਕਰ ਅਤੇ ਉਹ ਨੂੰ ਅਤੇ ਪਰਸਿੱਧ ਕੌਮਾਂ ਦੀਆਂ ਧੀਆਂ ਨੂੰ, ਗੋਰ ਵਿੱਚ ਉਤਰਿਆਂ ਹੋਇਆ ਨਾਲ ਧਰਤੀ ਦੇ ਹੇਠਲੇ ਹਿੱਸੇ ਵਿੱਚ ਲਾਹ ਦੇਹ,-
19 ਤੂੰ ਸੁੰਦਰਤਾ ਵਿੱਚ ਕਿਹ ਦੇ ਨਾਲੋਂ ਵੱਧ ਕੇ ਸੈਂ? ਹੇਠਾਂ ਉੱਤਰ ਜਾ ਅਤੇ ਬੇ-ਸੁੰਨਤਿਆਂ ਦੇ ਨਾਲ ਪਿਆ ਰਹੁ।।
20 ਓਹ ਉਨ੍ਹਾਂ ਦੇ ਵਿਚਕਾਰ ਡਿੱਗਣਗੇ ਜਿਹੜੇ ਤਲਵਾਰ ਨਾਲ ਵੱਢੇ ਗਏ। ਉਹ ਤਲਵਾਰ ਦੇ ਹਵਾਲੇ ਕੀਤੀ ਗਈ। ਉਹ ਨੂੰ ਅਤੇ ਉਹ ਦੀ ਸਾਰੀ ਭੀੜ ਨੂੰ ਘਸੀਟ ਕੇ ਲੈ ਜਾਹ
21 ਓਹ ਜਿਹੜੇ ਜ਼ੋਰਾਵਰਾਂ ਵਿੱਚ ਤਕੜੇ ਹਨ ਪਤਾਲ ਵਿੱਚ ਉਸ ਨਾਲ ਅਤੇ ਉਸ ਦੇ ਸਹਾਇਕਾਂ ਨਾਲ ਬੋਲਣਗੇ। ਓਹ ਹੇਠਾਂ ਲਹਿ ਗਏ ਤੇ ਪੈ ਰਹਿੰਦੇ ਉਨ੍ਹਾਂ ਬੇ-ਸੁੰਨਤਿਆਂ ਨਾਲ ਜਿਹੜੇ ਤਲਵਾਰ ਨਾਲ ਵੱਢੇ ਗਏ।।
22 ਅੱਸ਼ੂਰ ਅਤੇ ਉਹ ਦੀ ਸਾਰੀ ਸਭਾ ਉੱਥੇ ਹੈ, ਉਹ ਦੇ ਚੁਫੇਰੇ ਕਬਰਾਂ ਹਨ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਹੋਏ ਤੇ ਡਿੱਗੇ ਹੋਏ ਹਨ
23 ਜਿਨ੍ਹਾਂ ਦੀਆਂ ਕਬਰਾਂ ਪਤਾਲ ਦੇ ਥੱਲੇ ਹਨ ਅਤੇ ਉਸ ਦੀ ਸਾਰੀ ਸਭਾ ਉਸ ਦੀ ਕਬਰ ਦੇ ਦੁਆਲੇ ਹੈ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਤੇ ਡੇਗੇ ਗਏ, ਜਿਹੜੇ ਜੀਉਂਦਿਆਂ ਦੀ ਧਰਤੀ ਵਿੱਚ ਭੈ ਦਾ ਕਾਰਨ ਸਨ।।
24 ਏਲਾਮ ਅਤੇ ਉਸ ਦੀ ਸਾਰੀ ਭੀੜ ਜੋ ਉਸ ਦੀ ਕਬਰ ਦੇ ਚੁਫੇਰੇ ਹੈ ਉੱਥੇ ਹਨ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਗਏ ਤੇ ਡੇਗੇ ਗਏ ਹਨ। ਓਹ ਧਰਤੀ ਦੇ ਪਤਾਲ ਵਿੱਚ ਬੇ-ਸੁੰਨਤੇ ਲਹਿ ਗਏ ਜਿਹੜੇ ਜੀਉਂਦਿਆਂ ਦੀ ਧਰਤੀ ਵਿੱਚ ਭੈ ਦਾ ਕਾਰਨ ਸਨ, ਅਤੇ ਉਨ੍ਹਾਂ ਨੇ ਗੋਰ ਵਿੱਚ ਲਹਿ ਜਾਣ ਵਾਲਿਆਂ ਨਾਲ ਆਪਣੀ ਨਮੋਸ਼ੀ ਉਠਾਈ ਹੈ
25 ਉਨ੍ਹਾਂ ਨੇ ਉਹ ਦੇ ਲਈ ਅਤੇ ਉਹ ਦੀ ਸਾਰੀ ਭੀੜ ਲਈ ਵੱਢੇ ਹੋਇਆ ਦੇ ਵਿੱਚ ਆਸਣ ਲਾਇਆ ਹੈ। ਉਹ ਦੀਆਂ ਕਬਰਾਂ ਉਹ ਦੇ ਚੁਫੇਰੇ ਹਨ। ਸਾਰੇ ਦੇ ਸਾਰੇ ਬੇ-ਸੁੰਨਤੇ ਤਲਵਾਰ ਨਾਲ ਵੱਢੇ ਗਏ ਹਨ ਓਹ ਜਿਉਂਦਿਆਂ ਦੀ ਧਰਤੀ ਵਿੱਚ ਭੈ ਦਾ ਕਾਰਨ ਸਨ ਅਤੇ ਉਨ੍ਹਾਂ ਨੇ ਗੋਰ ਵਿੱਚ ਲਹਿ ਜਾਣ ਵਾਲਿਆਂ ਨਾਲ ਆਪਣੀ ਨਮੋਸ਼ੀ ਚੁੱਕ ਲਈ ਹੈ, ਓਹ ਵੱਢੇ ਹੋਇਆਂ ਵਿੱਚ ਰੱਖੇ ਗਏ।।
26 ਮਸ਼ਕ ਅਤੇ ਤੂਬਲ ਅਤੇ ਉਸ ਦੀ ਸਾਰੀ ਭੀੜ ਉੱਥੇ ਹੈ। ਉਹ ਦੀਆਂ ਕਬਰਾਂ ਉਹ ਦੇ ਚੁਫੇਰੇ ਹਨ, ਸਾਰੇ ਦੇ ਸਾਰੇ ਬੇ-ਸੁੰਨਤੇ ਅਤੇ ਤਲਵਾਰ ਦੇ ਵੱਢੇ ਹੋਏ ਹਨ ਕਿਉਂ ਜੋ ਓਹ ਜੀਉਂਦਿਆਂ ਦੀ ਧਰਤੀ ਤੇ ਭੈ ਦਾ ਕਾਰਨ ਸਨ
27 ਕੀ ਓਹ ਉਨ੍ਹਾਂ ਸੂਰਮਿਆਂ ਦੇ ਨਾਲ ਜੋ ਬੇ-ਸੁੰਨਤਿਆਂ ਵਿੱਚੋਂ ਡਿੱਗ ਪਏ ਜਿਹੜੇ ਆਪਣੇ ਜੰਗੀ ਸ਼ਸਤ੍ਰਾਂ ਸਣੇ ਪਤਾਲ ਵਿੱਚ ਲਹਿ ਗਏ ਪਏ ਨਾ ਰਹਿਣਗੇ? ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਸਿਰਾਂ ਹੇਠਾਂ ਰੱਖੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਔਗਣ ਉਨ੍ਹਾਂ ਦੀਆਂ ਹੱਡੀਆਂ ਉੱਤੇ ਹਨ ਕਿਉਂ ਜੋ ਓਹ ਜੀਉਂਦਿਆਂ ਦੀ ਧਰਤੀ ਵਿੱਚ ਸੂਰਮਿਆਂ ਦੇ ਲਈ ਭੈ ਦਾ ਕਾਰਨ ਸਨ
28 ਅਤੇ ਤੂੰ ਬੇ-ਸੁੰਨਤਿਆਂ ਦੇ ਵਿਚਕਾਰ ਭੰਨਿਆ ਜਾਵੇਂਗਾ ਅਤੇ ਤਲਵਾਰ ਦੇ ਵੱਢੇ ਹੋਇਆਂ ਦੇ ਨਾਲ ਪਿਆ ਰਹੇਂਗਾ।।
29 ਉੱਥੇ ਅਦੋਮ ਵੀ ਹੈ। ਉਸ ਦੇ ਰਾਜੇ ਅਤੇ ਉਸ ਦੇ ਰਾਜਕੁਮਾਰ ਜਿਹੜੇ ਆਪਣੀ ਸ਼ਕਤੀ ਹੁੰਦਿਆਂ ਤਲਵਾਰ ਦੇ ਵੱਢੇ ਹੋਇਆਂ ਵਿੱਚ ਰੱਖੇ ਗਏ ਹਨ ਓਹ ਬੇ-ਸੁੰਨਤਿਆਂ ਅਤੇ ਗੋਰ ਵਿੱਚ ਲਹਿ ਜਾਣ ਵਾਲਿਆਂ ਦੇ ਨਾਲ ਪਏ ਰਹਿਣਗੇ।।
30 ਉੱਤਰ ਦੇ ਸਾਰੇ ਰਾਜਕੁਮਾਰ, ਅਤੇ ਸਾਰੇ ਸਿਦੋਨੀ ਜਿਹੜੇ ਵੱਢੇ ਹੋਇਆਂ ਨਾਲ ਹੇਠਾਂ ਲਹਿ ਗਏ ਉੱਥੇ ਹਨ। ਜਿਹੜੇ ਆਪਣੇ ਜ਼ੋਰ ਦੇ ਕਾਰਨ ਭੈਮਾਨ ਸਨ ਓਹ ਸ਼ਰਮਿੰਦੇ ਹਨ। ਓਹ ਤਲਵਾਰ ਦੇ ਵੱਢੇ ਹੋਇਆਂ ਦੇ ਨਾਲ ਬੇ-ਸੁੰਨਤੇ ਪਏ ਰਹਿਣਗੇ ਅਤੇ ਗੋਰ ਵਿੱਚ ਲਹਿਆਂ ਹੋਇਆਂ ਦੇ ਨਾਲ ਆਪਣੀ ਨਮੋਸ਼ੀ ਉਠਾਉਣਗੇ।।
31 ਫ਼ਿਰਊਨ ਉਨ੍ਹਾਂ ਨੂੰ ਵੇਖ ਕੇ ਆਪਣੀ ਸਾਰੀ ਭੀੜ ਉੱਤੇ ਸ਼ਾਂਤੀ ਪਾਵੇਗਾ, - ਹਾਂ ਫ਼ਿਰਊਨ ਅਤੇ ਉਹ ਦੀ ਸਾਰੀ ਫੌਜ ਜਿਹੜੇ ਤਲਵਾਰ ਨਾਲ ਵੱਢੇ ਗਏ, ਪ੍ਰਭੁ ਯਹੋਵਾਹ ਦਾ ਵਾਕ ਹੈ
32 ਕਿਉਂ ਜੋ ਮੈਂ ਜੀਉਂਦਿਆਂ ਦੀ ਧਰਤੀ ਵਿੱਚ ਉਸ ਦਾ ਭੈ ਪਾ ਦਿੱਤਾ ਅਤੇ ਉਹ ਤਲਵਾਰ ਦੇ ਵੱਢੇ ਹੋਇਆਂ ਦੇ ਨਾਲ ਬੇ-ਸੁੰਨਤਿਆਂ ਵਿੱਚ ਰਖਾਇਆ ਜਾਵੇਗਾ, ਹਾਂ, ਫ਼ਿਰਊਨ ਅਤੇ ਉਸ ਦੀ ਸਾਰੀ ਭੀੜ, ਪ੍ਰਭੁ ਯਹੋਵਾਹ ਦਾ ਵਾਕ ਹੈ।।

Ezekiel 32:1 Punjabi Language Bible Words basic statistical display

COMING SOON ...

×

Alert

×