Bible Languages

Indian Language Bible Word Collections

Bible Versions

Books

Ezekiel Chapters

Ezekiel 36 Verses

Bible Versions

Books

Ezekiel Chapters

Ezekiel 36 Verses

1 ਹੇ ਆਦਮੀ ਦੇ ਪੁੱਤ੍ਰ, ਇਸਰਾਏਲ ਦੇ ਪਰਬਤਾਂ ਲਈ ਅਗੰਮ ਵਾਚ ਅਤੇ ਤੂੰ ਆਖ ਕਿ ਹੇ ਇਸਰਾਏਲ ਦੇ ਪਰਬਤੋ, ਯਹੋਵਾਹ ਦਾ ਬਚਨ ਸੁਣੋ!
2 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੈਰੀ ਨੇ ਤੁਹਾਡੇ ਵਿਰੁੱਧ ਆਖਿਆ ਹੈ, ਆਹਾ! ਉੱਚੇ ਉੱਚੇ ਪੁਰਾਣੇ ਅਸਥਾਨ ਸਾਡੇ ਕਬਜ਼ੇ ਲਈ ਹੋ ਗਏ ਹਨ
3 ਏਸ ਲਈ ਅਗੰਮ ਵਾਚ ਅਤੇ ਤੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਏਸ ਕਰਕੇ, ਹਾਂ, ਇਸੇ ਕਾਰਨ, ਕਿ ਉਨ੍ਹਾਂ ਨੇ ਤੁਹਾਨੂੰ ਉਜਾੜਿਆ, ਅਤੇ ਹਰੇਕ ਪਾਸਿਓਂ ਤੁਹਾਨੂੰ ਹੜੱਪ ਕਰ ਗਏ ਤਾਂ ਜੋ ਤੁਸੀਂ ਕੌਮਾਂ ਦੇ ਬਕੀਏ ਦਾ ਮਿਲਖ ਹੋ ਗਏ ਅਤੇ ਚਰਚਾ ਕਰਨ ਵਾਲਿਆਂ ਦੇ ਬੁੱਲ੍ਹਾਂ ਵਿੱਚ ਤੁਸੀਂ ਆ ਗਏ ਹੋ ਅਤੇ ਤੁਸੀਂ ਲੋਕਾਂ ਲਈ ਝੂਠੀ ਰਪਟ ਹੋ
4 ਏਸ ਲਈ ਹੇ ਇਸਰਾਏਲ ਦੇ ਪਰਬਤੋ, ਪ੍ਰਭੁ ਯਹੋਵਾਹ ਦਾ ਬਚਨ ਸੁਣੋ! ਪ੍ਰਭੁ ਯਹੋਵਾਹ ਪਰਬਤਾਂ ਅਤੇ ਟਿੱਲਿਆਂ, ਨਦੀਆਂ ਅਤੇ ਵਾਦੀਆਂ, ਉੱਜੜੀਆਂ ਵਿਰਾਨੀਆਂ ਅਤੇ ਛੱਡੇ ਹੋਏ ਸ਼ਹਿਰਾਂ ਨੂੰ ਜਿਹੜੇ ਆਲੇ ਦੁਆਲੇ ਦੀਆਂ ਬਾਕੀ ਕੌਮਾਂ ਦੇ ਲਈ ਲੁੱਟ ਅਤੇ ਮਖੌਲ ਹੋਏ ਹਨ, ਐਉਂ ਫ਼ਰਮਾਉਂਦਾ ਹੈ
5 ਏਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਨਿਸਚੇ ਮੈਂ ਆਪਣੀ ਅਣਖ ਦੀ ਅੱਗ ਵਿੱਚ ਕੌਮਾਂ ਦੇ ਬਕੀਏ ਦੇ ਅਤੇ ਸਾਰੇ ਅਦੋਮ ਦੇ ਵਿਰੁੱਧ ਬੋਲਿਆ ਹਾਂ ਜਿਨ੍ਹਾਂ ਨੇ ਆਪਣੇ ਸਾਰੇ ਦਿਲ ਦੇ ਅਨੰਦ ਨਾਲ ਅਤੇ ਜਾਨ ਦੇ ਵੈਰ ਨਾਲ ਆਪਣੇ ਆਪ ਨੂੰ ਮੇਰੀ ਧਰਤੀ ਦੇ ਕਬਜ਼ੇ ਲਈ ਠਹਿਰਾਇਆ ਭਈ ਉਹ ਨੂੰ ਲੁੱਟ ਦੇ ਸ਼ਿਕਾਰ ਲਈ ਕੱਢਣ
6 ਏਸ ਲਈ ਤੂੰ ਇਸਰਾਏਲ ਦੀ ਭੂਮੀ ਦੇ ਵਿਰੁੱਧ ਅਗੰਮ ਵਾਚ ਅਤੇ ਤੂੰ ਪਰਬਤਾਂ, ਟਿੱਲਿਆਂ, ਨਦੀਆਂ ਅਤੇ ਵਾਦੀਆਂ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖੋ, ਮੈਂ ਆਪਣੀ ਅਣਖ ਅਤੇ ਆਪਣੇ ਕ੍ਰੋਧ ਵਿੱਚ ਬਚਨ ਕੀਤਾ, ਏਸ ਲਈ ਕਿ ਤੁਸਾਂ ਕੌਮਾਂ ਦੀ ਨਮੋਸ਼ੀ ਚੁੱਕੀ ਹੈ
7 ਏਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਮੈਂ ਸਹੁੰ ਖਾਧੀ ਹੈ ਕਿ ਨਿਸਚੇ ਤੁਹਾਡੇ ਆਲੇ ਦੁਆਲੇ ਦੀਆਂ ਕੌਮਾਂ ਆਪ ਹੀ ਨਮੋਸ਼ੀ ਉਠਾਉਣਗੀਆਂ
8 ਪਰ ਤੁਸੀਂ ਹੇ ਇਸਰਾਏਲ ਦੇ ਪਰਬਤੋਂ, ਤੁਸੀਂ ਆਪਣੀਆਂ ਟਹਿਣੀਆਂ ਕੱਢੋਗੇ ਅਤੇ ਮੇਰੀ ਪਰਜਾ ਇਸਰਾਏਲ ਦੇ ਲਈ ਫਲ ਦੇਵੋਗੇ ਕਿਉਂ ਜੋ ਓਹ ਛੇਤੀ ਆਉਣ ਵਾਲੇ ਹਨ
9 ਏਸ ਲਈ ਵੇਖੋ, ਮੈਂ ਤੁਹਾਡੇ ਵੱਲ ਹਾਂ ਅਤੇ ਮੈਂ ਆਪਣਾ ਮੂੰਹ ਤੁਹਾਡੀ ਵੱਲ ਕਰਾਂਗਾ ਅਤੇ ਤੁਸੀਂ ਵਾਹੇ ਜਾਓਗੇ ਤੇ ਬੀਜੇ ਜਾਓਗੇ
10 ਅਤੇ ਮੈਂ ਆਦਮੀਆਂ ਨੂੰ, ਹਾਂ, ਇਸਰਾਏਲ ਦੇ ਸਾਰੇ ਘਰਾਣੇ ਨੂੰ ਤੁਹਾਡੇ ਉੱਤੇ ਬਹੁਤ ਵਧਾ ਦਿਆਂਗਾ ਅਤੇ ਸ਼ਹਿਰ ਵਸਾਏ ਜਾਣਗੇ ਅਤੇ ਖੋਲੇ ਫੇਰ ਬਣਾਏ ਜਾਣਗੇ
11 ਅਤੇ ਮੈਂ ਤੁਹਾਡੇ ਉੱਤੇ ਆਦਮੀਆਂ ਅਤੇ ਪਸੂਆਂ ਨੂੰ ਵਧਾਵਾਗਾਂ ਅਤੇ ਓਹ ਬਹੁਤ ਹੋਣਗੇ ਅਤੇ ਫਲਣਗੇ ਅਤੇ ਮੈਂ ਤੁਹਾਨੂੰ ਅਜੇਹਾ ਵਸਾਵਾਂਗਾ ਜਿਹੋ ਜਿਹੇ ਤੁਸੀਂ ਪਹਿਲਾਂ ਸਾਓ, ਅਤੇ ਤੁਹਾਡੇ ਤੇ ਤੁਹਾਡੇ ਸ਼ੁਰੂ ਦੇ ਦਿਨਾਂ ਤੋਂ ਵਧੇਰੇ ਉਪਕਾਰ ਕਰਾਂਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯੋਹਵਾਹ ਹਾਂ!
12 ਹਾਂ, ਮੈਂ ਅਜੇਹਾ ਕਰਾਂਗਾ ਕਿ ਆਦਮੀ ਅਰਥਾਤ ਮੇਰੀ ਇਸਰਾਏਲ ਦੀ ਪਰਜਾ ਤੁਹਾਡੇ ਉੱਤੇ ਤੁਰੇ ਫਿਰੇਗੀ ਅਤੇ ਓਹ ਤੁਹਾਡੇ ਉੱਤੇ ਕਬਜ਼ਾ ਕਰਨਗੇ ਅਤੇ ਤੁਸੀਂ ਉਨ੍ਹਾਂ ਦੀ ਮਿਲਖ ਹੋਵੋਗੇ ਅਤੇ ਫੇਰ ਉਨ੍ਹਾਂ ਨੂੰ ਤੁਸੀਂ ਬੇ-ਔਲਾਦ ਨਾ ਕਰੋਗੇ
13 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਓਹ ਤੁਹਾਨੂੰ ਆਖਦੇ ਹਨ ਕਿ ਤੁਸੀਂ ਆਦਮੀਆਂ ਨੂੰ ਹੜੱਪ ਕਰਦੇ ਹੋ ਅਤੇ ਤੁਸਾਂ ਆਪਣੀ ਕੌਮ ਨੂੰ ਬੇ-ਔਲਾਦ ਕੀਤਾ
14 ਏਸ ਲਈ ਅੱਗੇ ਨੂੰ ਤੁਸੀਂ ਨਾ ਆਦਮੀਆਂ ਨੂੰ ਹੜੱਪ ਕਰੋਗੇ, ਨਾ ਅੱਗੇ ਨੂੰ ਆਪਣੀ ਕੌਮ ਨੂੰ ਬੇ-ਔਲਾਦ ਕਰੋਗੇ, ਪ੍ਰਭੁ ਯਹੋਵਾਹ ਦਾ ਵਾਕ ਹੈ
15 ਮੈਂ ਤੁਹਾਨੂੰ ਕੌਮਾਂ ਦੇ ਮੇਹਣੇ ਸੁਣਨ ਨਾ ਦਿਆਂਗਾ, ਨਾ ਤੁਸੀਂ ਕੌਮਾਂ ਦੀ ਸ਼ਰਮਿੰਦਗੀ ਫੇਰ ਅੱਗੇ ਨੂੰ ਚੁੱਕੋਗੇ, ਨਾ ਤੁਸੀਂ ਆਪਣੀ ਕੌਮ ਨੂੰ ਠੋਕਰ ਖਿਲਾਓਗੇ, ਪ੍ਰਭੁ ਯਹੋਵਾਹ ਦਾ ਵਾਕ ਹੈ।।
16 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ ਕਿ
17 ਹੇ ਆਦਮੀ ਦੇ ਪੁੱਤ੍ਰ, ਜਦੋਂ ਇਸਰਾਏਲ ਦਾ ਘਰਾਣਾ ਆਪਣੀ ਭੂਮੀ ਉੱਤੇ ਵੱਸਦਾ ਸੀ, ਉਨ੍ਹਾਂ ਨੇ ਉਹ ਨੂੰ ਆਪਣੇ ਮਾਰਗ ਨਾਲ ਅਤੇ ਆਪਣੇ ਕੰਮਾਂ ਨਾਲ ਭਰਿਸ਼ਟ ਕੀਤਾ, ਉਨ੍ਹਾਂ ਦਾ ਰਾਹ ਮੇਰੇ ਅੱਗੇ ਅੱਡ ਕੀਤੀ ਹੋਈ ਭਰਿਸ਼ਟ ਤੀਵੀਂ ਵਾਂਗਰ ਸੀ
18 ਏਸ ਲਈ ਮੈਂ ਉਸ ਲਹੂ ਦੇ ਕਾਰਨ ਜੋ ਉਨ੍ਹਾਂ ਉਸ ਦੇਸ ਵਿੱਚ ਵਹਾਇਆ ਅਤੇ ਉਨ੍ਹਾਂ ਮੂਰਤੀਆਂ ਦੇ ਕਾਰਨ ਜਿਨ੍ਹਾਂ ਨਾਲ ਉਨ੍ਹਾਂ ਉਸ ਨੂੰ ਭਰਿਸ਼ਟ ਕੀਤਾ ਸੀ ਆਪਣਾ ਕਹਿਰ ਉਨ੍ਹਾਂ ਤੇ ਵਹਾਇਆ
19 ਅਤੇ ਮੈਂ ਉਨ੍ਹਾਂ ਨੂੰ ਕੌਮਾਂ ਵਿੱਚ ਖਿਲਾਰ ਦਿੱਤਾ ਅਤੇ ਓਹ ਦੇਸਾਂ ਵਿੱਚ ਖਿਲਰ ਪੁਲਰ ਗਏ ਅਤੇ ਉਨ੍ਹਾਂ ਦੇ ਰਾਹ ਅਤੇ ਉੁਨ੍ਹਾਂ ਦੇ ਕੰਮਾਂ ਅਨੁਸਾਰ ਮੈਂ ਉਨ੍ਹਾਂ ਦਾ ਨਿਆਉਂ ਕੀਤਾ
20 ਅਤੇ ਜਦੋਂ ਓਹ ਕੌਮਾਂ ਦੇ ਵਿੱਚ ਜਿੱਥੇ ਜਿੱਥੇ ਓਹ ਗਏ ਸਨ ਪੁੱਜੇ ਤਾਂ ਉਨ੍ਹਾਂ ਨੇ ਮੇਰੇ ਪਵਿੱਤ੍ਰ ਨਾਮ ਨੂੰ ਪਲੀਤ ਕੀਤਾ ਜਦੋਂ ਓਹ ਉਨ੍ਹਾਂ ਦੇ ਵਿਖੇ ਆਖਦੇ ਸਨ ਕਿ ਯਹੋਵਾਹ ਦੀ ਪਰਜਾ ਹੈ ਅਤੇ ਉਹ ਦੇ ਦੇਸ ਵਿੱਚੋਂ ਨਿੱਕਲ ਕੇ ਆਏ ਹਨ
21 ਪਰ ਮੈਨੂੰ ਆਪਣੇ ਪਵਿੱਤਰ ਨਾਮ ਦੇ ਕਾਰਨ ਚਿੰਤਾ ਹੋਈ ਜਿਹ ਨੂੰ ਇਸਰਾਏਲ ਦੇ ਘਰਾਣੇ ਨੇ ਕੌਮਾਂ ਵਿੱਚ ਜਿੱਥੇ ਓਹ ਗਏ ਪਲੀਤ ਕੀਤਾ।।
22 ਏਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੀ ਖ਼ਾਤਰ ਨਹੀਂ ਸਗੋਂ ਆਪਣੇ ਪਵਿੱਤ੍ਰ ਨਾਮ ਦੀ ਖ਼ਾਤਰ ਜਿਸ ਨੂੰ ਤੁਸਾਂ ਉਨ੍ਹਾ ਕੌਮਾਂ ਦੇ ਵਿੱਚ ਜਿੱਥੇ ਤੁਸੀਂ ਗਏ ਸਾਓ ਪਲੀਤ ਕੀਤਾ ਇਹ ਕਰਦਾ ਹਾਂ
23 ਮੈਂ ਆਪਣੇ ਵੱਡੇ ਨਾਮ ਨੂੰ ਜਿਹੜਾ ਕੌਮਾਂ ਦੇ ਵਿੱਚ ਪਲੀਤ ਕੀਤਾ ਗਿਆ, ਜਿਹ ਨੂੰ ਤੁਸਾਂ ਉਨ੍ਹਾਂ ਦੇ ਵਿੱਚ ਪਲੀਤ ਕੀਤਾ ਪਵਿੱਤ੍ਰ ਕਰਾਂਗਾ ਅਤੇ ਜਦੋਂ ਮੈਂ ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਤੁਹਾਡੇ ਵਿੱਚ ਪਵਿੱਤ੍ਰ ਹੋਵਾਂਗਾ, ਤਦ ਓਹ ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ, ਪ੍ਰਭੁ ਯਹੋਵਾਹ ਦਾ ਵਾਕ ਹੈ
24 ਕਿਉਂ ਜੋ ਮੈਂ ਤੁਹਾਨੂੰ ਕੌਮਾਂ ਵਿੱਚੋਂ ਲਵਾਂਗਾ ਅਤੇ ਸਾਰੇ ਦੇਸਾਂ ਵਿੱਚੋਂ ਤੁਹਾਨੂੰ ਇਕੱਠੇ ਕਰਾਂਗਾ ਅਤੇ ਤੁਹਾਨੂੰ ਤੁਹਾਡੀ ਭੂਮੀ ਵਿੱਚ ਲਿਆਵਾਂਗਾ
25 ਤਦੋਂ ਤੁਹਾਡੇ ਉੱਤੇ ਨਿਰਮਲ ਜਲ ਛਿੜਕਾਂਗਾ ਅਤੇ ਤੁਸੀਂ ਸ਼ੁੱਧ ਹੋਵੋਗੇ ਅਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਤੁਹਾਨੂੰ ਸ਼ੁੱਧ ਕਰਾਂਗਾ
26 ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਮਾਸ ਦਾ ਦਿਲ ਤੁਹਾਨੂੰ ਬ਼ਖ਼ਸ਼ਾਂਗਾ
27 ਅਤੇ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ ਅਤੇ ਤੁਸੀਂ ਮੇਰੇ ਨਿਆਂਵਾਂ ਦੀ ਪਾਲਨਾ ਕਰੋਗੇ ਅਤੇ ਉਨ੍ਹਾਂ ਤੇ ਅਮਲ ਕਰੋਗੇ
28 ਅਤੇ ਤੁਸੀਂ ਉਸ ਦੇਸ ਵਿੱਚ ਜਿਹੜਾ ਮੈਂ ਤੁਹਾਡੇ ਪਿਉ ਦਾਦਿਆਂ ਨੂੰ ਦਿੱਤਾ ਵੱਸੋਗੇ, ਅਤੇ ਤੁਸੀਂ ਮੇਰੀ ਪਰਜਾ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ
29 ਅਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਬਚਾਵਾਂਗਾ ਅਤੇ ਮੈਂ ਅੰਨ ਮੰਗਾਵਾਂਗਾ ਅਤੇ ਮੈਂ ਉਹ ਨੂੰ ਵਧਾਵਾਂਗਾ ਅਤੇ ਤੁਹਾਡੇ ਉੱਤੇ ਕਾਲ ਨਾ ਪਾਵਾਂਗਾ
30 ਅਤੇ ਮੈਂ ਬਿਰਛਾਂ ਦੇ ਫਲਾਂ ਨੂੰ ਅਤੇ ਖੇਤ ਦੀ ਪੈਦਾਵਾਰ ਨੂੰ ਵਾਧਾ ਬ਼ਖ਼ਸ਼ਾਂਗਾ ਇੱਥੋਂ ਤੀਕ ਕਿ ਤੁਸੀਂ ਅੱਗੇ ਲਈ ਕੌਮਾਂ ਦੇ ਵਿੱਚ ਕਾਲ ਦੇ ਕਾਰਨ ਨਮੋਸ਼ੀ ਨਾ ਉਠਾਵੋਗੇ
31 ਤਦ ਤੁਸੀਂ ਆਪਣਿਆਂ ਬੁਰਿਆਂ ਰਾਹਾਂ ਨੂੰ ਅਤੇ ਆਪਣਿਆਂ ਕੰਮਾਂ ਨੂੰ ਚੇਤੇ ਕਰੋਗੇ ਭਈ ਓਹ ਚੰਗੇ ਨਹੀਂ ਸਨ ਅਤੇ ਤੁਸੀਂ ਆਪਣੇ ਔਗਣਾਂ ਉੱਤੇ ਅਤੇ ਆਪਣੇ ਘਿਣਾਉਣੇ ਕੰਮਾਂ ਉੱਤੇ ਆਪਣੀ ਨਜ਼ਰ ਵਿੱਚ ਆਪਣੇ ਆਪ ਤੋਂ ਘਿਣ ਕਰੋਗੇ
32 ਪ੍ਰਭੁ ਯਹੋਵਾਹ ਦਾ ਵਾਕ ਹੈ, ਤੁਸੀਂ ਜਾਣ ਲਓ ਕਿ ਮੈਂ ਇਹ ਤੁਹਾਡੀ ਖ਼ਾਤਰ ਨਹੀਂ ਕਰਦਾ ਹਾਂ, ਹੇ ਇਸਰਾਏਲ ਦੇ ਘਰਾਣੇ, ਤੁਸੀਂ ਆਪਣੇ ਰਾਹਾਂ ਦੇ ਕਾਰਨ ਸ਼ਰਮਿੰਦੇ ਹੋਵੋ ਅਤੇ ਲੱਜਿਆਵਾਨ ਹੋਵੇ
33 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਜਿਸ ਦਿਹਾੜੇ ਮੈਂ ਤੁਹਾਨੂੰ ਤੁਹਾਡੇ ਸਾਰੇ ਔਗਣਾਂ ਤੋਂ ਸ਼ੁੱਧ ਕਰਾਂਗਾ, ਉਸੇ ਦਿਹਾੜੇ ਮੈਂ ਤੁਹਾਨੂੰ ਤੁਹਾਡੇ ਸ਼ਹਿਰਾਂ ਵਿੱਚ ਵਸਾਵਾਂਗਾ ਅਤੇ ਤੁਹਾਡੇ ਵਿਰਾਨ ਥਾਂ ਬਣਾਏ ਜਾਣਗੇ
34 ਅਤੇ ਉਹ ਵਿਰਾਨ ਧਰਤੀ ਜੋ ਸਾਰੇ ਰਾਹ ਲੰਘਦਿਆਂ ਦੀ ਨਜ਼ਰ ਵਿੱਚ ਵਿਰਾਨ ਪਈ ਸੀ ਵਾਹੀ ਜਾਵੇਗੀ
35 ਅਤੇ ਓਹ ਆਖਣਗੇ ਕਿ ਇਹ ਧਰਤੀ ਜਿਹੜੀ ਵਿਰਾਨ ਪਈ ਹੋਈ ਸੀ ਅਦਨ ਦੇ ਬਾਗ਼ ਵਾਂਙੁ ਹੋ ਗਈ ਅਤੇ ਬਰਬਾਦ ਤੇ ਉੱਜੜੇ ਤੇ ਢੱਠੇ ਹੋਏ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਸਦੇ ਹੋ ਗਏ
36 ਤਦੋਂ ਕੌਮਾਂ ਜਿਹੜੀਆਂ ਤੁਹਾਡੇ ਆਲੇ ਦੁਆਲੇ ਬਚੀਆਂ ਹੋਈਆਂ ਹਨ ਜਾਣਨਗੀਆਂ ਕਿ ਮੈਂ ਯਹੋਵਾਹ ਨੇ ਢੱਠਿਆਂ ਥਾਵਾਂ ਨੂੰ ਬਣਾਇਆ ਹੈ ਅਤੇ ਉੱਜੜਿਆਂ ਵਿਰਾਨਾਂ ਨੂੰ ਫੇਰ ਲਗਾਇਆ ਹੈ। ਮੈਂ ਯਹੋਵਾਹ ਨੇ ਫ਼ਰਮਾਇਆ ਹੈ ਅਤੇ ਮੈਂ ਹੀ ਕਰਾਂਗਾ।।
37 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਇਸਰਾਏਲ ਦਾ ਘਰਾਣਾ ਮੇਰੇ ਕੋਲੋਂ ਫੇਰ ਇਹ ਪੁੱਛੇਗਾ ਭਈ ਮੈਂ ਉਨ੍ਹਾਂ ਲਈ ਇਹ ਕਰਾਂ ਕਿ ਉਨ੍ਹਾਂ ਦੇ ਆਦਮੀਆਂ ਨੂੰ ਇੱਜੜਾਂ ਵਾਂਗਰ ਵਾਧਾ ਦੇਵਾਂ
38 ਪਵਿੱਤ੍ਰ ਇੱਜੜ ਵਾਂਙੁ ਜਿਵੇਂ ਯਰੂਸ਼ਲਮ ਦਾ ਇੱਜੜ ਉਹ ਦਿਆਂ ਠਹਿਰਾਇਆ ਹੋਇਆਂ ਪਰਬਾਂ ਵਿੱਚ ਸੀ, ਉਦਾਂ ਹੀ ਉੱਜੜੇ ਸ਼ਹਿਰ ਆਦਮੀਆਂ ਦੇ ਜੱਥਿਆਂ ਨਾਲ ਭਰੇ ਹੋਣਗੇ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!।।

Ezekiel 36:30 Punjabi Language Bible Words basic statistical display

COMING SOON ...

×

Alert

×