Bible Languages

Indian Language Bible Word Collections

Bible Versions

Books

2 Kings Chapters

2 Kings 19 Verses

Bible Versions

Books

2 Kings Chapters

2 Kings 19 Verses

1 ਤਾਂ ਐਉਂ ਹੋਇਆ ਕਿ ਜਦ ਹਿਜ਼ਕੀਯਾਹ ਪਾਤਸ਼ਾਹ ਨੇ ਏਹ ਸੁਣਿਆ ਤਾਂ ਉਸ ਨੇ ਆਪਣੇ ਕੱਪੜੇ ਪਾੜੇ ਅਰ ਆਪਣੇ ਦੁਆਲੇ ਟਾਟ ਵਲ੍ਹੇਟਿਆ ਅਰ ਯਹੋਵਾਹ ਦੇ ਭਵਨ ਵਿੱਚ ਗਿਆ
2 ਅਤੇ ਅਲਯਾਕੀਮ ਨੂੰ ਜੋ ਮਹਿਲ ਦਾ ਮੁਖਤਿਆਰ ਸੀ ਅਰ ਸ਼ਬਨਾ ਮੁਨੀਮ ਅਰ ਜਾਜਕਾਂ ਦੇ ਬਜ਼ੁਰਗਾਂ ਨੂੰ ਟਾਟ ਪੁਆ ਕੇ ਆਮੋਸ ਦੇ ਪੁੱਤ੍ਰ ਯਸਾਯਾਹ ਨਬੀ ਦੇ ਕੋਲ ਘੱਲਿਆ
3 ਅਤੇ ਉਨ੍ਹਾਂ ਨੇ ਉਹ ਨੂੰ ਆਖਿਆ, ਹਿਜ਼ਕੀਯਾਹ ਐਉਂ ਆਖਦਾ ਹੈ ਕਿ ਇਹ ਦਿਨ ਦੁਖ ਤੇ ਘੂਰ ਤੇ ਬੇਪਤੀ ਦਾ ਦਿਨ ਹੈ ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ੱਕਤੀ ਨਹੀਂ ਹੈ
4 ਖਬਰੇ ਯਹੋਵਾਹ ਤੇਰਾ ਪਰਮੇਸ਼ੁਰ ਰਬਸ਼ਾਕੇਹ ਦੀਆਂ ਸਭ ਗੱਲਾਂ ਸੁਣੇ ਜਿਸ ਨੂੰ ਉਹ ਦੇ ਸੁਆਮੀ ਅਸ਼ੂਰ ਦੇ ਪਾਤਸ਼ਾਹ ਨੇ ਘੱਲਿਆ ਹੈ ਭਈ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰੇ ਅਰ ਜਿਹੜੀਆਂ ਗੱਲਾਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ ਸ਼ਾਇਤ ਉਹ ਉਨ੍ਹਾਂ ਤੇ ਝਿੜਕੇ। ਏਸ ਲਈ ਤੂੰ ਬਚਿਆਂ ਖੁਚਿਆਂ ਲਈ ਜੋ ਰਹਿ ਗਏ ਹਨ ਪ੍ਰਾਰਥਨਾ ਕਰ
5 ਸੋ ਹਿਜ਼ਕੀਯਾਹ ਪਾਤਸ਼ਾਹ ਦੇ ਟਹਿਲੂਏ ਯਸਾਯਾਹ ਦੇ ਕੋਲ ਆਏ
6 ਅਤੇ ਯਸਾਯਾਹ ਨੇ ਉਨ੍ਹਾਂ ਨੂੰ ਆਖਿਆ ਭਈ ਤੁਸੀਂ ਆਪਣੇ ਸੁਆਮੀ ਨੂੰ ਐਉਂ ਆਖਿਓ ਕਿ ਯਹੋਵਾਹ ਏਹ ਆਖਦਾ ਹੈ, ਤੂੰ ਓਹਨਾਂ ਗੱਲਾਂ ਤੋਂ ਜੋ ਤੈਂ ਸੁਣੀਆਂ ਹਨ ਜਿਨ੍ਹਾਂ ਨਾਲ ਅੱਸ਼ੂਰ ਦੇ ਪਾਤਸ਼ਾਹ ਦਿਆਂ ਚਾਕਰਾਂ ਨੇ ਮੇਰੇ ਉੱਤੇ ਕੁਫਰ ਬਕਿਆ ਹੈ ਨਾ ਡਰੀ
7 ਵੇਖ ਮੈਂ ਉਹ ਦੇ ਵਿੱਚ ਇੱਕ ਅਜਿਹੀ ਰੂਹ ਪਾਵਾਂਗਾ ਭਈ ਉਹ ਅਵਾਈ ਸੁਣ ਕੇ ਆਪਣੇ ਦੇਸ ਨੂੰ ਮੁੜ ਜਾਵੇਗਾ ਅਰ ਮੈਂ ਉਹ ਨੂੰ ਉੱਸੇ ਦੇ ਦੇਸ ਵਿੱਚ ਤਲਵਾਰ ਨਾਲ ਡੇਗ ਦਿਆਂਗਾ
8 ਸੋ ਰਬਸ਼ਾਕੇਹ ਮੁੜ ਗਿਆ ਅਰ ਅੱਸ਼ੂਰ ਦੇ ਪਾਤਸ਼ਾਹ ਨੂੰ ਲਿਬਨਾਹ ਦੇ ਵਿਰੁੱਧ ਜੁੱਧ ਕਰਦਿਆਂ ਪਾਇਆ ਕਿਉਂ ਜੋ ਉਹ ਨੇ ਸੁਣਿਆ ਸੀ ਕਿ ਉਹ ਲਾਕੀਸ਼ ਤੋਂ ਉੱਠ ਗਿਆ ਹੈ
9 ਜਦ ਉਹ ਨੇ ਕੂਸ਼ ਦੇ ਰਾਜੇ ਤਿਰਹਾਕਾਹ ਦੇ ਵਿਖੇ ਇਹ ਸੁਣਿਆ ਭਈ ਵੇਖ ਉਹ ਤੇਰੇ ਨਾਲ ਲੜਨ ਨੂੰ ਨਿੱਕਲਿਆ ਹੈ ਤਾਂ ਉਹ ਨੇ ਏਹ ਆਖ ਕੇ ਹਿਜ਼ਕੀਯਾਹ ਵੱਲ ਫੇਰ ਹਲਕਾਰੇ ਘੱਲੇ
10 ਕਿ ਤੁਸੀਂ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੂੰ ਐਉਂ ਆਖਿਓ ਕਿ ਤੇਰਾ ਪਰਮੇਸ਼ੁਰ ਜਿਹ ਦੇ ਉੱਤੇ ਤੇਰਾ ਭਰੋਸਾ ਹੈ ਏਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਭਈ ਯਰੂਸ਼ਲਮ ਅੱਸ਼ੂਰ ਦੇ ਪਾਤਸ਼ਾਹ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ
11 ਵੇਖ ਤੂੰ ਆਪ ਸੁਣਿਆ ਹੈ ਕਿ ਅੱਸ਼ੂਰ ਦਿਆਂ ਪਾਤਸ਼ਾਹਾਂ ਨੇ ਸਾਰਿਆਂ ਦੇਸਾਂ ਨੂੰ ਨਾਸ ਕਰ ਕੇ ਓਹਨਾਂ ਨਾਲ ਕੀ ਕੀਤਾ। ਕੀ ਤੂੰ ਹੀ ਛੁੱਟ ਜਾਵੇਂਗਾ?
12 ਕੀ ਓਹਨਾਂ ਕੌਮਾਂ ਦਿਆਂ ਦਿਓਤਿਆਂ ਨੂੰ ਅਰਥਾਤ ਗੋਜ਼ਾਨ ਅਰ ਹਾਰਾਨ ਅਰ ਰਸ਼ਫ ਅਰ ਅਦਨ ਦਿਆਂ ਪੁੱਤ੍ਰਾਂ ਨੂੰ ਜੋ ਤਲਾੱਸਾਰ ਵਿੱਚ ਸਨ ਜਿਨ੍ਹਾਂ ਨੂੰ ਮੇਰੇ ਪਿਉ ਦਾਦਿਆਂ ਨੇ ਨਾਸ ਕੀਤਾ ਛੁਡਾਇਆ ਸੀ?
13 ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਰ ਸਫਰਵਇਮ ਸ਼ਹਿਰ ਦਾ ਹੇਨਾ ਅਰ ਇੱਵਾਹ ਦੇ ਰਾਜੇ ਕਿੱਥੇ ਹਨ?
14 ਜਦ ਹਿਜ਼ਕੀਯਾਹ ਨੇ ਹਲਕਾਰਿਆਂ ਦੇ ਹੱਥੋਂ ਉਹ ਪੱਤਰ ਲੈ ਕੇ ਪੜ੍ਹਿਆ ਤਦ ਯਹੋਵਾਹ ਦੇ ਭਵਨ ਵਿੱਚ ਜਾ ਕੇ ਹਿਜ਼ਕੀਯਾਹ ਨੇ ਉਹ ਨੂੰ ਯਹੋਵਾਹ ਦੇ ਅੱਗੇ ਖੋਲ੍ਹ ਕੇ ਰਖ ਦਿੱਤਾ
15 ਅਤੇ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਏਹ ਆਖ ਕੇ ਪ੍ਰਾਰਥਨਾ ਕੀਤੀ, ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਕਰੂਬੀਆਂ ਦੇ ਉੱਤੇ ਵਿਰਾਜਣ ਵਾਲੇ, ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ੁਰ ਹੈਂ। ਤੈਂ ਅਕਾਸ਼ ਤੇ ਧਰਤੀ ਨੂੰ ਬਣਾਇਆ
16 ਹੇ ਯਹੋਵਾਹ, ਆਪਣਾ ਕੰਨ ਲਾ ਅਰ ਸੁਣ! ਹੇ ਯਹੋਵਾਹ, ਆਪਣੀਆਂ ਅੱਖੀਆਂ ਖੋਲ੍ਹ ਅਰ ਵੇਖ! ਤੂੰ ਸਨਹੇਰੀਬ ਦੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਹ ਨੇ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਅਖਵਾ ਘੱਲੀਆਂ ਹਨ
17 ਹੇ ਯਹੋਵਾਹ, ਅੱਸ਼ੂਰ ਦਿਆਂ ਪਾਤਸ਼ਾਹਾਂ ਨੇ ਸੱਚ ਮੁੱਚ ਕੌਮਾਂ ਤੇ ਓਹਨਾਂ ਦਿਆਂ ਦੇਸਾਂ ਨੂੰ ਨਾਸ ਕੀਤਾ ਹੈ
18 ਅਤੇ ਓਹਨਾਂ ਦਿਆਂ ਦਿਓਤਿਆਂ ਨੂੰ ਅੱਗ ਵਿੱਚ ਪਾ ਦਿੱਤਾ ਕਿਉਂ ਜੋ ਓਹ ਦੇਵਤੇ ਭੀ ਨਹੀਂ ਸਨ ਸਗੋਂ ਮਨੁੱਖਾਂ ਦਿਆਂ ਹੱਥਾਂ ਦੀ ਕਾਰੀਗਰੀ ਅਰ ਲੱਕੜੀ ਤੇ ਪੱਥਰ ਸਨ ਸੋ ਉਨ੍ਹਾਂ ਨੇ ਓਹਨਾਂ ਨੂੰ ਨਾਸ ਕਰ ਦਿੱਤਾ
19 ਇਸ ਲਈ ਹੁਣ ਹੇ ਯਹੋਵਾਹ ਸਾਡੇ ਪਰਮੇਸ਼ੁਰ, ਮੈਂ ਤੇਰੀ ਮਿੰਨਤ ਕਰਦਾ ਹਾਂ ਤੂੰ ਸਾਨੂੰ ਉਹ ਦੇ ਹੱਥੋਂ ਬਚਾ ਲੈ ਤਾਂ ਜੋ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਭਈ ਤੂੰਹੀਏਂ ਯਹੋਵਾਹ ਇਕੱਲਾ ਪਰਮੇਸ਼ੁਰ ਹੈਂ।।
20 ਤਦ ਆਮੋਸ਼ ਦੇ ਪੁੱਤ੍ਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਏਹ ਅਖਵਾ ਘੱਲਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਜੋ ਪ੍ਰਾਰਥਨਾ ਤੈਂ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਦੇ ਵਿਖੇ ਮੈਥੋਂ ਮੰਗੀ ਹੈ ਉਹ ਮੈਂ ਸੁਣ ਲਈ ਹੈ
21 ਉਹ ਦੇ ਵਿਖੇ ਜੋ ਬਚਨ ਯਹੋਵਾਹ ਨੇ ਆਖਿਆ ਹੈ, ਸੋ ਇਹ ਹੈ, - ਸੀਯੋਨ ਦੀ ਕੁਆਰੀ ਧੀ, ਤੈਨੂੰ ਤੁੱਛ ਜਾਣਦੀ ਉਹ ਤੈਨੂੰ ਮਖੌਲ ਕਰਦੀ ਹੈ, ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ।
22 ਤੈਂ ਕਿਹ ਨੂੰ ਬੋਲੀਆਂ ਮਾਰੀਆਂ ਅਤੇ ਕਿਹ ਨੂੰ ਕੁਫਰ ਬਕਿਆ? ਕਿਹ ਦੇ ਵਿਰੁਧ ਤੂੰ ਆਪਣੀ ਅਵਾਜ਼ ਉੱਚੀ ਕੀਤੀ? ਹਾਂ, ਤੈਂ ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ ਘੁਮੰਡ ਨਾਲ, ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ।
23 ਤੈਂ ਆਪਣਿਆਂ ਹਲਕਾਰਿਆਂ ਦੇ ਰਾਹੀਂ ਪ੍ਰਭੁ ਨੂੰ ਬੋਲੀਆਂ ਮਾਰੀਆਂ, ਅਰ ਆਖਿਆ ਹੈ, ਮੈਂ ਆਪਣੇ ਬਾਹਲਿਆਂ ਰਥਾਂ ਨਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਸਗੋਂ ਲਬਾਨੋਨ ਦੇ ਵਿੱਚਕਾਰ ਤਾਈਂ ਚੜ੍ਹ ਆਇਆ ਹਾਂ, ਮੈਂ ਉਹ ਦੇ ਉੱਚੇ ਤੋਂ ਉੱਚੇ ਦਿਆਰ, ਤੇ ਵਧੀਆ ਤੋਂ ਵਧੀਆਂ ਸਰੂ ਵੱਢ ਛੱਡਿਆ, ਅਰ ਉਹ ਦੀ ਟੀਸੀ ਦੇ ਟਿਕਾਣਿਆਂ ਵਿੱਚ, ਅਰ ਉਹ ਦੀ ਬਣ ਵਾੜੀ ਵਿੱਚ ਜਾ ਵੜਿਆ।
24 ਮੈਂ ਤਾਂ ਪੁੱਟ ਪੁੱਟ ਕੇ ਪਰਦੇਸਾਂ ਦਾ ਪਾਣੀ ਪੀਤਾ ਹੈ ਅਤੇ ਮੈਂ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ, ਆਪਣੇ ਪੈਰਾਂ ਦੀਆਂ ਤਲੀਆਂ ਨਾਲ ਮੁਕਾ ਦਿੱਤਾ
25 ਕੀ ਤੂੰ ਨਹੀਂ ਸੁਣਿਆ ਭਈ ਬਹੁਤ ਚਿਰ ਹੋਇਆ ਮੈਂ ਇਹੀਓ ਠਾਣ ਲਿਆ ਸੀ ਅਰ ਪੁਰਾਣਿਆਂ ਦਿਨਾਂ ਵਿੱਚ ਮੈਂ ਇਹ ਦਾ ਓਪਾਓ ਕੀਤਾ ਸੀ? ਹੁਣ ਮੈਂ ਉਹ ਨੂੰ ਪੂਰਾ ਕਰਦਾ ਹਾਂ, ਭਈ ਤੂੰ ਗੜ੍ਹ ਵਾਲਿਆਂ ਸ਼ਹਿਰਾਂ ਨੂੰ ਉਜਾੜ ਪੁਜਾੜ ਕੇ ਥੇਹ ਕਰ ਛੱਡੇਂ।
26 ਸੋ ਉਨ੍ਹਾਂ ਦੇ ਨਿਵਾਸੀ ਨਿਰਬਲ ਹੋਣ ਕਰਕੇ ਘਾਬਰ ਗਏ ਅਤੇ ਬੇਕਲ ਕੀਤੇ ਗਏ, ਓਹ ਖੇਤ ਦੇ ਸਾਗ ਪੱਤ ਅਤੇ ਹਰੀ ਅੰਗੂਰੀ ਵਰਗੇ ਹੋ ਗਏ, ਅਤੇ ਛੱਤ ਉੱਤੇ ਦਾ ਘਾਹ ਅਤੇ ਅੰਨ ਵਾਂਙੁ ਹੋ ਗਏ, ਜੋ ਉੱਗਣੋਂ ਅਗੇਤਰਾ ਹੀ ਸੁੱਕ ਜਾਵੇ।
27 ਪਰ ਮੈਂ ਤੇਰਾ ਬੈਠਣਾ ਤੇ ਤੇਰਾ ਅੰਦਰ ਬਾਹਰ ਆਉਣਾ ਜਾਣਾ, ਅਰ ਤੇਰਾ ਮੇਰੇ ਉੱਤੇ ਖਿਝਣਾ ਜਾਣਦਾ ਹਾਂ।
28 ਇਸ ਲਈ ਕਿ ਤੇਰਾ ਮੇਰੇ ਉੱਤੇ ਖਿਝਣਾ ਅਤੇ ਤੇਰਾ ਰੌਲਾ ਮੇਰੇ ਕੰਨੀਂ ਪਹੁੰਚਾ ਹੈ, ਸੋ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ ਅਰ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ, ਅਰ ਜਿਹੜੇ ਰਾਹ ਤੂੰ ਆਇਆ ਉੱਸੇ ਰਾਹ ਤੈਨੂੰ ਪਿਛਾਹਾਂ ਮੋੜ ਦਿਆਂਗਾ।
29 ਤੇਰੇ ਲਈ ਇਹ ਨਿਸ਼ਾਨ ਹੋਵੇਗਾ। ਇਸ ਸਾਲ ਉਹ ਖਾਓ ਜੋ ਕਿਰੇ ਹੋਏ ਬੀ ਤੋਂ ਉੱਗੇ, ਦੂਜੇ ਵਰਹੇ ਉਹ ਜੋ ਪਿੱਛੇ ਉਤਪਤ ਹੋਵੇ, ਤਦ ਤੀਜੇ ਵਰਹੇ ਤੁਸੀਂ ਬੀ ਬੀਜੋ ਤੇ ਵੱਢੋ, ਅੰਗੂਰੀ ਬਾਗ ਲਾਓ ਅਰ ਉਨ੍ਹਾਂ ਦਾ ਫਲ ਖਾਓ
30 ਤਦ ਉਹ ਬਚੇ ਖੁਚੇ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚ ਰਹੇ ਹਨ ਫੇਰ ਹੇਠਾਂ ਨੂੰ ਜੜ ਫੜ ਕੇ ਉਤਾਹਾਂ ਫਲ ਲਿਆਉਣਗੇ
31 ਕਿਉਂ ਜੋ ਇੱਕ ਬਕੀਆ ਯਰੂਸ਼ਲਮ ਵਿੱਚੋਂ ਅਰ ਬਚੇ ਖੁਚੇ ਸੀਯੋਨ ਪਰਬਤ ਵਿੱਚੋਂ ਨਿੱਕਲਣਗੇ। ਯਹੋਵਾਹ ਦੀ ਅਣਖ ਇਹ ਕਰੇਗੀ
32 ਇਸ ਲਈ ਅੱਸ਼ੂਰ ਦੇ ਪਾਤਸ਼ਾਹ ਦੇ ਵਿਖੇ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਉਹ ਨਾ ਤਾਂ ਏਸ ਸ਼ਹਿਰ ਕੋਲ ਆਵੇਗਾ, ਨਾ ਉੱਥੇ ਬਾਣ ਚਲਾਵੇਗਾ, ਨਾ ਢਾਲ ਲੈ ਕੇ ਉਹ ਦੇ ਉੱਤੇ ਧਾਵਾ ਕਰੇਗਾ ਤੇ ਨਾ ਉਹ ਦੇ ਅੱਗੇ ਦਮ ਦਮਾ ਬਣਾਵੇਗਾ
33 ਜਿਹੜੇ ਰਾਹ ਉਹ ਆਇਆ ਉੱਸੇ ਰਾਹ ਮੁੜ ਜਾਵੇਗਾ ਅਰ ਉਹ ਏਸ ਸ਼ਹਿਰ ਕੋਲ ਨਾ ਆਵੇਗਾ, ਏਹ ਯਹੋਵਾਹ ਦਾ ਵਾਕ ਹੈ
34 ਇਸ ਤਰਾਂ ਮੈਂ ਆਪਣੇ ਨਮਿੱਤ ਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਬਚਾਉਣ ਲਈ ਇਹ ਨੂੰ ਸਾਂਭ ਰੱਖਾਂਗਾ।।
35 ਉਪਰੰਤ ਐਉਂ ਹੋਇਆ ਭਈ ਉੱਸੇ ਰਾਤ ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਮਾਰ ਛੱਡੇ ਅਰ ਜਦ ਲੋਕ ਤੜਕ ਸਾਰ ਉੱਠੇ ਤਾਂ ਵੇਖੋ ਓਹ ਸਭ ਲੋਥਾਂ ਹੀ ਲੋਥਾਂ ਸਨ
36 ਸੋ ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਉੱਥੋਂ ਤੁਰ ਪਿਆ ਅਤੇ ਮੁੜ ਕੇ ਨੀਨਵਾਹ ਵਿੱਚ ਜਾ ਰਿਹਾ
37 ਫੇਰ ਐਉਂ ਹੋਇਆ ਜਦ ਉਹ ਆਪਣੇ ਦਿਓਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ ਤਾਂ ਅਦਰਮਲਕ ਅਰ ਸ਼ਰਸਕ ਨੇ ਉਹ ਨੂੰ ਤਲਵਾਰ ਨਾਲ ਵੱਢ ਛੱਡਿਆ ਅਰ ਓਹ ਅਰਾਰਾਤ ਦੇ ਦੇਸ ਨੂੰ ਭੱਜ ਗਏ ਅਰ ਉਹ ਦਾ ਪੁੱਤ੍ਰ ਏਸਰ ਹਦੋਨ ਉਹ ਦੇ ਥਾਂ ਰਾਜ ਕਰਨ ਲੱਗਾ।।

2-Kings 19:1 Punjabi Language Bible Words basic statistical display

COMING SOON ...

×

Alert

×