Bible Languages

Indian Language Bible Word Collections

Bible Versions

Books

Esther Chapters

Esther 9 Verses

Bible Versions

Books

Esther Chapters

Esther 9 Verses

1 ਹੁਣ ਬਾਰਵੇਂ ਮਹੀਨੇ ਅਰਥਾਤ ਅਦਾਰ ਮਹੀਨੇ ਦੀ ਤੇਰ੍ਹਵੀਂ ਤਾਰੀਖ ਨੂੰ ਜਦ ਪਾਤਸ਼ਾਹ ਦੀ ਗੱਲ ਅਤੇ ਹੁਕਮ ਉੱਤੇ ਕੰਮ ਕਰਨ ਦਾ ਵੇਲਾ ਨੇੜੇ ਆਇਆ ਤਾਂ ਯਹੂਦੀਆਂ ਦੇ ਵੈਰੀਆਂ ਨੂੰ ਆਸ਼ਾ ਸੀ ਭਈ ਓਹ ਓਹਨਾਂ ਉੱਤੇ ਜ਼ੋਰ ਪਾ ਲੈਣਗੇ ਪਰ ਹੋਇਆ ਇਸ ਦੇ ਉਲਟ ਭਈ ਯਹੂਦੀਆਂ ਨੇ ਆਪਣੇ ਤੋਂ ਘਿਣ ਕਰਨ ਵਾਲਿਆਂ ਉੱਤੇ ਜ਼ੋਰ ਪਾ ਲਿਆ!
2 ਤਾਂ ਅਹਸ਼ਵੇਰੋਸ਼ ਪਾਤਸ਼ਾਹ ਦੇ ਸਾਰੇ ਸੂਬਿਆਂ ਦੇ ਯਹੂਦੀ ਆਪੋ ਆਪਣਿਆਂ ਸ਼ਹਿਰਾਂ ਵਿੱਚ ਇੱਕਠੇ ਹੋਏ ਤਾਂ ਜੋ ਉਨ੍ਹਾਂ ਉੱਥੇ ਜਿਹੜੇ ਓਹਨਾਂ ਦੀ ਬੁਰਿਆਈ ਭਾਲਿਆ ਕਰਦੇ ਸਨ ਹੱਥ ਚਲਾਉਣ ਅਤੇ ਕੋਈ ਮਨੁੱਖ ਉਹਨਾਂ ਦੇ ਅੱਗੇ ਖਲੋ ਨਾ ਸੱਕਿਆ ਕਿਉਂਕਿ ਉਹਨਾਂ ਦਾ ਭੈ ਸਾਰੀਆਂ ਉੱਮਤਾਂ ਉੱਤੇ ਛਾ ਗਿਆ ਸੀ
3 ਅਤੇ ਸੂਬਿਆਂ ਦੇ ਸਾਰੇ ਸਰਦਾਰਾਂ ਅਰ ਮਨਸਬਦਾਰਾਂ ਅਰ ਨੈਬ- ਮਨਸਬਦਾਰਾਂ ਅਤੇ ਪਾਤਸ਼ਾਹ ਦੇ ਕਰਿੰਦਿਆਂ ਨੇ ਯਹੂਦੀਆਂ ਦੀ ਸਹਾਇਤਾ ਕੀਤੀ ਕਿਉਂ ਜੋ ਮਾਰਦਕਈ ਦਾ ਭੈ ਉਨ੍ਹਾਂ ਉੱਤੇ ਛਾ ਗਿਆ ਸੀ
4 ਮਾਰਦਕਈ ਸ਼ਾਹੀ ਮਹਿਲ ਵਿੱਚ ਵੱਡਾ ਸੀ ਅਤੇ ਉਹ ਸਾਰਿਆਂ ਸੂਬਿਆਂ ਵਿੱਚ ਉੱਘਾ ਹੋ ਗਿਆ ਸੀ ਅਤੇ ਇਹ ਮਨੁੱਖ ਮਾਰਦਕਈ ਤਾਂ ਵੱਧਦਾ ਹੀ ਚਲਿਆ ਗਿਆ
5 ਅਤੇ ਯਹੂਦੀਆਂ ਨੇ ਆਪਣੇ ਸਾਰੇ ਵੈਰੀਆਂ ਨੂੰ ਤਲਵਾਰ ਦੀ ਹੁੱਜ ਨਾਲ ਘਾਇਲ ਕਰ ਕੇ ਵੱਢ ਸੁੱਟਿਆ ਅਰ ਮਿਟਾ ਦਿੱਤਾ ਅਤੇ ਆਪਣੇ ਤੋਂ ਘਿਣ ਕਰਨ ਵਾਲਿਆਂ ਨਾਲ ਉਹ ਕੁੱਝ ਕੀਤਾ ਜੋ ਓਹ ਕਰਨਾ ਚਾਹੁੰਦੇ ਸਨ
6 ਸ਼ੂਸ਼ਨ ਦੇ ਮਹਿਲ ਵਿੱਚ ਯਹੂਦੀਆਂ ਨੇ ਪੰਜ ਸੌ ਮਨੁੱਖਾਂ ਨੂੰ ਵੱਢ ਕੇ ਮਿਟਾ ਦਿੱਤਾ
7 ਅਰ ਪਰਸ਼ਨਦਾਥਾ, ਦਿਲਫੋਨ, ਅਸਪਾਥਾ,
8 ਪੋਰਾਥਾ, ਅਦਲਯਾ, ਅਰੀਦਾਥਾ,
9 ਪਰਮਸ਼ਤਾ, ਅਰੀਸਈ, ਅਰੀਦਈ, ਅਤੇ ਵੀਜ਼ਾਥਾ
10 ਅਰਥਾਤ ਹਮਦਾਥਾ ਦੇ ਪੁੱਤ੍ਰ ਹਾਮਾਨ ਦੇ ਇਹ ਦਸੇ ਪੁੱਤ੍ਰ ਜਿਹੜੇ ਯਹੂਦੀਆਂ ਦੇ ਦੂਤੀ ਦੁਸ਼ਮਣ ਸਨ ਵੱਢ ਦਿੱਤੇ ਪਰ ਲੁੱਟ ਦੇ ਮਾਲ ਨੂੰ ਓਹਨਾਂ ਨੇ ਹੱਥ ਨਾ ਪਾਇਆ
11 ਉਸ ਦਿਨ ਜਿਹੜੇ ਸ਼ੂਸ਼ਨ ਦੇ ਮਹਿਲ ਵਿੱਚ ਵੱਢੇ ਗਏ ਉਨ੍ਹਾਂ ਦੀ ਗਿਣਤੀ ਪਾਤਸ਼ਾਹ ਦੇ ਸਨਮੁਖ ਲਿਆਂਦੀ ਗਈ
12 ਤਾਂ ਪਾਤਸ਼ਾਹ ਨੇ ਅਸਤਰ ਮਲਕਾ ਨੂੰ ਆਖਿਆ ਕਿ ਸ਼ੂਸ਼ਨ ਦੇ ਮਹਿਲ ਵਿੱਚ ਯਹੂਦੀਆਂ ਨੇ ਪੰਜ ਸੌ ਮਨੁੱਖ ਵੱਢਕੇ ਮਿਟਾ ਦਿੱਤੇ ਹਨ ਅਰ ਹਾਮਾਨ ਦੇ ਦਸੇ ਪੁੱਤ੍ਰ ਵੀ ਤਾਂ ਪਾਤਸ਼ਾਹ ਦੇ ਬਾਕੀ ਸੂਬਿਆਂ ਵਿੱਚ ਕੀ ਕੁਝ ਨਾ ਕੀਤਾ ਹੋਵੇਗਾ! ਤੇਰੀ ਕੀ ਅਰਜ਼ ਹੈ? ਉਹ ਤੈਨੂੰ ਦਿੱਤੀ ਜਾਏਗੀ ਅਤੇ ਤੇਰੀ ਕੀ ਭਾਉਣੀ ਹੈ? ਉਹ ਪੂਰੀ ਕੀਤੀ ਜਾਵੇਗੀ
13 ਤਦ ਅਸਤਰ ਨੇ ਆਖਿਆ, ਜੇ ਕਰ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਯਹੂਦੀਆਂ ਨੂੰ ਜਿਹੜੇ ਸ਼ੂਸ਼ਨ ਵਿੱਚ ਹਨ ਅੱਜ ਦੇ ਹੁਕਮ ਵਾਂਙੁ ਓਹਨਾਂ ਦੇ ਕਰਨ ਲਈ ਕਲ ਦਾ ਦਿਨ ਵੀ ਦਿੱਤਾ ਜਾਵੇ ਅਰ ਹਾਮਾਨ ਦੇ ਦਸੇ ਪੁੱਤ੍ਰ ਸੂਲੀ ਉੱਤੇ ਟੰਗੇ ਦਿੱਤੇ ਜਾਣ!
14 ਤਾਂ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਇੱਦਾਂ ਹੀ ਕੀਤਾ ਜਾਵੇ ਅਰ ਇਹ ਹੁਕਮ ਸ਼ੂਸ਼ਨ ਵਿੱਚ ਦਿੱਤਾ ਗਿਆ ਅਰ ਹਾਮਾਨ ਦੇ ਦਸੇ ਪੁੱਤ੍ਰ ਸੂਲੀ ਉੱਤੇ ਟੰਗ ਦਿੱਤੇ ਗਏ
15 ਅਤੇ ਓਹ ਯਹੂਦੀ ਜਿਹੜੇ ਸ਼ੂਸ਼ਨ ਵਿੱਚ ਸਨ ਅਦਾਰ ਮਹੀਨੇ ਦੀ ਚੌਧਵੀਂ ਤਾਰੀਖ ਨੂੰ ਇਕੱਠੇ ਹੋਏ ਅਤੇ ਓਹਨਾਂ ਨੇ ਸ਼ੂਸ਼ਨ ਵਿੱਚ ਤਿੰਨ ਸੌ ਮਨੁੱਖ ਵੱਢ ਸੁੱਟੇ ਪਰ ਲੁੱਟ ਦੇ ਮਾਲ ਨੂੰ ਹੱਥ ਨਾ ਪਾਇਆ
16 ਅਤੇ ਬਾਕੀ ਯਹੂਦੀ ਜਿਹੜੇ ਪਾਤਸ਼ਾਹ ਦੇ ਸੂਬਿਆਂ ਵਿੱਚ ਸਨ ਜਾਨਾਂ ਬਚਾਉਣ ਲਈ ਇਕੱਠੇ ਹੋ ਕੇ ਅੜ ਗਏ ਅਤੇ ਆਪਣੇ ਵੈਰੀਆਂ ਤੋਂ ਅਰਾਮ ਪਾਇਆ ਅਤੇ ਆਪਣੇ ਘਿਣ ਕਰਨ ਵਾਲਿਆਂ ਵਿੱਚੋਂ ਪੰਝੱਤਰ ਹਜ਼ਾਰ ਨੂੰ ਵੱਢ ਸੁੱਟਿਆ ਪਰ ਲੁੱਟ ਦੇ ਮਾਲ ਨੂੰ ਹੱਥ ਨਾ ਪਾਇਆ।।
17 ਅਦਾਰ ਮਹੀਨੇ ਦੀ ਤੇਰ੍ਹਵੀਂ ਅਰ ਚੌਧਵੀਂ ਤਾਰੀਖ ਨੂੰ ਓਹਨਾਂ ਨੇ ਅਰਾਮ ਕੀਤਾ ਅਤੇ ਉਸੇ ਦਿਨ ਨੂੰ ਓਹਨਾਂ ਨੇ ਦਾਉਤ ਅਤੇ ਅਨੰਦ ਕਰਨ ਦਾ ਦਿਨ ਠਹਿਰਾਇਆ
18 ਪਰ ਓਹ ਯਹੂਦੀ ਜਿਹੜੇ ਸ਼ੂਸ਼ਨ ਵਿੱਚ ਸਨ ਉਸ ਦੀ ਤੇਰ੍ਹਵੀਂ ਅਤੇ ਚੌਧਵੀਂ ਤਾਰੀਖ ਨੂੰ ਇਕੱਠੇ ਹੋਏ ਅਤੇ ਉਸ ਦੀ ਪੰਦਰਵੀਂ ਤਾਰੀਖ ਨੂੰ ਅਰਾਮ ਕੀਤਾ ਅਤੇ ਉਸ ਦਿਨ ਨੂੰ ਦਾਉਤ ਅਤੇ ਅਨੰਦ ਦਾ ਦਿਨ ਠਹਿਰਾਇਆ
19 ਇਸ ਲਈ ਪਿੰਡਾਂ ਦਿਆਂ ਯਹੂਦੀਆਂ ਨੇ ਜਿਹੜੇ ਬਿਨ ਸਫੀਲੇ ਪਿੰਡਾਂ ਵਿੱਚ ਰਹਿੰਦੇ ਸਨ ਅਤੇ ਅਦਾਰ ਮਹੀਨੇ ਦੀ ਚੌਧਵੀਂ ਤਾਰੀਖ ਨੂੰ ਅਨੰਦ ਅਰ ਦਾਉਤ ਦਾ ਦਿਨ ਨਾਲੇ ਇੱਕ ਸ਼ੁਭ ਦਿਨ ਇੱਕ ਦੂਜੇ ਨੂੰ ਛਾਂਦਾ ਘੱਲਣ ਲਈ ਮਨਾਇਆ
20 ਮਾਰਦਕਈ ਨੇ ਇਨ੍ਹਾਂ ਗੱਲਾਂ ਨੂੰ ਲਿਖਿਆ ਅਤੇ ਸਾਰੇ ਯਹੂਦੀਆਂ ਨੂੰ ਜਿਹੜੇ ਅਹਸ਼ਵੇਰੋਸ਼ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਸਨ ਕੀ ਨੇੜੇ ਦੇ ਕੀ ਦੂਰ ਦੇ ਪੱਤਰ ਘੱਲੇ
21 ਤਾਂ ਜੋ ਓਹਨਾਂ ਵਿੱਚ ਏਹ ਕਾਇਮ ਕਰੇ ਕਿ ਉਹ ਅਦਾਰ ਮਹੀਨੇ ਦੀ ਚੌਧਵੀਂ ਅਰ ਪੰਦਰਵੀਂ ਤਾਰੀਖ ਨੂੰ ਵਰ੍ਹੇ ਦੇ ਵਰ੍ਹੇ ਮਨਾਉਣ
22 ਕਿਉਂ ਜੋ ਏਹ ਓਹ ਦਿਨ ਸਨ ਜਿਨ੍ਹਾਂ ਵਿੱਚ ਯਹੂਦੀਆਂ ਨੂੰ ਆਪਣਿਆਂ ਵੈਰੀਆਂ ਤੋਂ ਅਰਾਮ ਮਿਲਿਆ ਅਰ ਇਹ ਮਹੀਨਾ ਓਹਨਾਂ ਲਈ ਗਮ ਤੋਂ ਖੁਸ਼ੀ ਵਿੱਚ ਅਰ ਰੋਣ ਪਿੱਟਨ ਤੋਂ ਇੱਕ ਸ਼ੁਭ ਦਿਨ ਵਿੱਚ ਬਦਲ ਗਿਆ ਤਾਂ ਜੋ ਉਹ ਏਸ ਨੂੰ ਦਾਉਤ ਦਾ ਦਿਨ ਅਰ ਅਨੰਦ ਦਾ ਦਿਨ ਅਤੇ ਇੱਕ ਦੂਜੇ ਨੂੰ ਛਾਂਦਾ ਘੱਲਣ ਦਾ ਦਿਨ ਅਤੇ ਗਰੀਬਾਂ ਨੂੰ ਇਨਾਮ ਦੇਣ ਦਾ ਦਿਨ ਬਣਾਉਣ
23 ਅਤੇ ਯਹੂਦੀਆਂ ਨੇ ਜਿਵੇਂ ਸ਼ੁਰੂ ਕੀਤਾ ਸੀ ਅਤੇ ਮਾਰਦਕਈ ਨੇ ਜਿਵੇਂ ਓਹਨਾਂ ਨੂੰ ਲਿਖਿਆ ਸੀ ਤਿਵੇਂ ਹੀ ਓਹਨਾਂ ਨੇ ਕਬੂਲ ਕਰ ਲਿਆ
24 ਕਿਉਂਕਿ ਅਗਾਗੀ ਹਮਦਾਥਾ ਦੇ ਪੁੱਤ੍ਰ ਹਾਮਾਨ ਸਾਰੇ ਯਹੂਦੀਆਂ ਦੇ ਦੂਤੀ ਦੁਸ਼ਮਣ ਨੇ ਯਹੂਦੀਆਂ ਦੇ ਵਿਰੁੱਧ ਓਹਨਾਂ ਨੂੰ ਨਾਸ਼ ਕਰਨ ਦੀ ਗੋਸ਼ਟ ਕੀਤੀ ਸੀ ਅਰ ਉਸ ਦੇ ਲਈ ਪੁਰ ਅਰਥਾਤ ਗੁਣੇ ਸੁੱਟੇ ਸਨ ਤਾਂ ਜੋ ਉਹਨਾਂ ਨੂੰ ਦੁਖ ਦੇਵੇ ਅਤੇ ਓਹਨਾਂ ਨੂੰ ਮਿਟਾ ਦੇਵੇ
25 ਜਦ ਇਹ ਮਾਮਲਾ ਪਾਤਸ਼ਾਹ ਦੇ ਸਾਹਮਣੇ ਆਇਆ ਤਾਂ ਉਸ ਨੇ ਪੱਤਰਾਂ ਦੇ ਰਾਹੀਂ ਹੁਕਮ ਦਿੱਤਾ ਕਿ ਉਸ ਬੁਰੇ ਮਤੇ ਨੂੰ ਜਿਹੜਾ ਉਸ ਯਹੂਦੀਆਂ ਦੇ ਵਿੱਰੁਧ ਕੀਤਾ ਉਲਟਾ ਉਸ ਦੇ ਹੀ ਸਿਰ ਉੱਤੇ ਪਵੇ ਅਤੇ ਉਹ ਅਰ ਉਸ ਦੇ ਪੁੱਤ੍ਰ ਸੂਲੀ ਉੱਤੇ ਟੰਗੇ ਜਾਣ।।
26 ਇਸੇ ਕਰਕੇ ਓਹਨਾਂ ਨੇ ਪੂਰਾ ਦੇ ਨਾਉਂ ਦੇ ਪਿੱਛੋਂ ਇਨ੍ਹਾਂ ਦਿਨਾਂ ਨੂੰ ਪੂਰੀਮ ਆਖਿਆ। ਏਸ ਪੱਤਰ ਦੇ ਸਾਰੇ ਬਚਨਾਂ ਦੇ ਕਾਰਨ ਅਰ ਓਹ ਸੱਭੋ ਕੁੱਝ ਜੋ ਏਸ ਗੱਲ ਦੇ ਬਾਰੇ ਵਿੱਚ ਓਹਨਾਂ ਡਿੱਠਾ ਅਰ ਜੋ ਕੁੱਝ ਓਹਨਾਂ ਨਾਲ ਬੀਤਿਆ
27 ਯਹੂਦੀਆਂ ਨੇ ਆਪਣੇ ਉੱਤੇ ਅਤੇ ਆਪਣੀ ਨਸਲ ਉੱਤੇ ਅਰ ਉਨ੍ਹਾਂ ਸਾਰਿਆਂ ਉੱਤੇ ਜਿਹੜੇ ਓਹਨਾਂ ਦੇ ਨਾਲ ਮਿਲ ਗਏ ਕਾਇਮ ਕਰ ਕੇ ਕਬੂਲ ਕਰ ਲਿਆ ਭਈ ਇਹ ਅਟਲ ਹੋ ਜਾਵੇ ਕਿ ਓਹ ਏਹਨਾਂ ਦੋਹਾਂ ਦਿਨਾਂ ਨੂੰ ਆਪਣੀ ਲਿਖਤ ਦੇ ਅਨੁਸਾਰ ਮੁਕੱਕਰ ਕੀਤੇ ਹੋਏ ਸਮੇਂ ਉੱਤੇ ਵਰ੍ਹੇ ਦੇ ਵਰ੍ਹੇ ਮਨਾਉਣਗੇ
28 ਅਤੇ ਇਹ ਦਿਨ ਪੀੜ੍ਹੀਓਂ ਪੀੜ੍ਹੀ ਹਰ ਟੱਬਰ, ਹਰ ਸੂਬਾ ਅਰ ਹਰ ਨਗਰ ਵਿੱਚ ਯਾਦ ਰੱਖ ਕੇ ਮਨਾਏ ਜਾਣ ਅਰ ਪੂਰੀਮ ਦੇ ਏਹ ਦਿਨ ਯਹੂਦੀਆਂ ਵਿੱਚੋਂ ਕਦੀ ਵੀ ਨਾ ਮੁਕਣ ਅਤੇ ਨਾ ਹੀ ਉਨ੍ਹਾਂ ਦੀ ਯਾਦ ਓਹਨਾਂ ਦੀ ਨਸਲ ਵਿੱਚੋਂ ਜਾਂਦੀ ਰਹੇ।।
29 ਤਾਂ ਅਬੀਹਯਿਲ ਦੀ ਧੀ ਅਸਤਰ ਮਲਕਾ ਅਤੇ ਮਾਰਦਕਈ ਯਹੂਦੀ ਨੇ ਸਾਰੇ ਇਖ਼ਤਿਆਰ ਨਾਲ ਪੂਰੀਮ ਦੇ ਏਸ ਦੂਜੇ ਪੱਤਰ ਨੂੰ ਪੱਕਿਆਂ ਕਰਨ ਲਈ ਲਿਖਿਆ
30 ਅਰ ਉਸ ਨੇ ਸਾਰੇ ਯਹੂਦੀਆਂ ਨੂੰ ਜਿਹੜੇ ਅਹਸ਼ਵੇਰੋਸ਼ ਦੀ ਪਾਤਸ਼ਾਹੀ ਦੇ ਇੱਕ ਸੌ ਸਤਾਈ ਸੂਬਿਆਂ ਵਿੱਚ ਸਨ ਪੱਤਰ ਲਿਖ ਘੱਲੇ ਜਿਨ੍ਹਾਂ ਵਿੱਚ ਸ਼ਾਂਤੀ ਅਰ ਸਚਿਆਈ ਦੀਆਂ ਗੱਲਾਂ ਸਨ
31 ਤਾਂ ਜੋ ਪੂਰੀਮ ਦੇ ਏਹਨਾਂ ਦਿਨਾਂ ਨੂੰ ਏਨ੍ਹਾਂ ਦੇ ਠਹਿਰਾਏ ਹੋਏ ਸਮਿਆਂ ਅਨੁਸਾਰ ਜਿਨ੍ਹਾਂ ਦਾ ਮਾਰਦਕਈ ਯਹੂਦੀ ਅਰ ਅਸਤਰ ਮਲਕਾ ਨੇ ਹੁਕਮ ਦਿੱਤਾ ਸੀ ਅਤੇ ਜਿਵੇਂ ਓਹਨਾਂ ਨੇ ਆਪਣੇ ਲਈ ਤੇ ਆਪਣੀ ਨਸਲ ਲਈ ਵਰਤ ਰੱਖਣ ਅਤੇ ਦੁਹਾਈ ਦੇਣ ਨੂੰ ਠਹਿਰਾਇਆ ਹੋਇਆ ਸੀ ਪੱਕਾ ਕਰ ਕੇ ਕਾਇਮ ਕਰਨ
32 ਅਸਤਰ ਦੇ ਹੁਕਮ ਨਾਲ ਪੂਰੀਮ ਦੀਆਂ ਏਹ ਗੱਲਾਂ ਪੱਕੀਆਂ ਕੀਤੀਆਂ ਗਈਆਂ ਅਤੇ ਪੋਥੀ ਵਿੱਚ ਲਿਖੀਆਂ ਹੋਈਆਂ।।

Esther 9:17 Punjabi Language Bible Words basic statistical display

COMING SOON ...

×

Alert

×