Bible Languages

Indian Language Bible Word Collections

Bible Versions

Books

2 Samuel Chapters

2 Samuel 17 Verses

Bible Versions

Books

2 Samuel Chapters

2 Samuel 17 Verses

1 ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਇਹ ਵੀ ਆਖਿਆ, ਮੈਨੂੰ ਪਰਵਾਨਗੀ ਦਿਓ ਜੋ ਮੈਂ ਹੁਣ ਬਾਰਾਂ ਹਜ਼ਾਰ ਮਨੁਖ ਚੁਣ ਲਵਾਂ ਅਤੇ ਇਸੇ ਰਾਤ ਉੱਠ ਕੇ ਦਾਊਦ ਦਾ ਪਿੱਛਾ ਕਰਾਂ
2 ਅਤੇ ਜਿਸ ਵੇਲੇ ਉਹ ਥੱਕਿਆ ਹੋਇਆ ਹੋਵੇ ਅਤੇ ਉਹ ਦੇ ਹੱਥ ਢਿੱਲੇ ਹੋਣ ਤਾਂ ਮੈਂ ਉਹ ਦੇ ਉੱਤੇ ਜਾ ਪਵਾਂਗਾ ਅਤੇ ਉਹ ਨੂੰ ਡਰਾਵਾਂਗਾ ਜੋ ਉਹ ਦੇ ਨਾਲ ਦੇ ਸਾਰੇ ਭੱਜ ਜਾਣਗੇ ਅਤੇ ਮੈਂ ਨਿਰਾ ਪਾਤਸ਼ਾਹ ਨੂੰ ਹੀ ਮਾਰ ਲਵਾਂਗਾ
3 ਅਤੇ ਸਭਨਾਂ ਲੋਕਾਂ ਨੂੰ ਮੈਂ ਤੁਹਾਡੇ ਵੱਲ ਮੋੜ ਲਿਆਵਾਂਗਾ ਕਿਉਂ ਜੋ ਉਹ ਮਨੁੱਖ ਜਿਹ ਨੂੰ ਤੁਸੀਂ ਭਾਲਦੇ ਹੋ ਅਤੇ ਸਭਨਾਂ ਲੋਕਾਂ ਦਾ ਮੋੜਨਾ ਇੱਕੋ ਜੇਹਾ ਹੈ ਸੋ ਸੱਭੇ ਲੋਕ ਸੁਖ ਸਾਂਦ ਨਾਲ ਰਹਿਣਗੇ
4 ਸੋ ਇਹ ਗੱਲ ਅਬਸ਼ਾਲੋਮ ਅਤੇ ਸਾਰੇ ਇਸਰਾਏਲੀ ਬਜ਼ੁਰਗਾਂ ਨੂੰ ਚੰਗੀ ਲੱਗੀ।।
5 ਉਸੇ ਵੇਲੇ ਅਬਸ਼ਾਲੋਮ ਨੇ ਆਖਿਆ, ਭਈ ਹੂਸ਼ਈ ਅਰਕੀ ਨੂੰ ਵੀ ਸੱਦ ਲਓ ਜੋ ਉਹ ਦੇ ਮੂੰਹੋਂ ਵੀ ਅਸੀਂ ਕੁਝ ਸੁਣੀਏ
6 ਸੋ ਹੂਸ਼ਈ ਅਬਸ਼ਾਲੋਮ ਦੇ ਸਾਹਮਣੇ ਆਇਆ ਅਤੇ ਅਬਸ਼ਾਲੋਮ ਨੇ ਉਹ ਨੂੰ ਐਉਂ ਆਖਿਆ, ਕਿ ਅਹੀਥੋਫ਼ਲ ਐਉਂ ਆਖਦਾ ਹੈ ਸੋ ਅਸੀਂ ਐਉਂ ਕਰੀਏ ਯਾ ਨਾ?
7 ਤੂੰ ਬੋਲ। ਤਦ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਇਹ ਸਲਾਹ ਜੋ ਅਹੀਥੋਫ਼ਲ ਨੇ ਦੱਸੀ ਹੈ ਸੋ ਇਸ ਵੇਲੇ ਚੰਗੀ ਨਹੀਂ
8 ਨਾਲੇ ਹੂਸ਼ਈ ਨੇ ਆਖਿਆ ਕਿ ਤੁਸੀਂ ਆਪਣੇ ਪਿਤਾ ਅਤੇ ਉਹ ਦੇ ਮਨੁੱਖਾਂ ਨੂੰ ਜਾਣਦੇ ਹੋ ਜੋ ਓਹ ਕਿੱਡੇ ਕੁ ਸੂਰਮੇ ਹਨ ਅਤੇ ਓਹ ਆਪਣੇ ਜੀਆਂ ਵਿੱਚ ਉਸ ਰਿੱਛਣੀ ਵਾਂਙੁ ਜਿਹ ਦੇ ਬੱਚੇ ਉਜਾੜ ਵਿੱਚ ਖੁੱਸ ਗਏ ਹੋਣ ਕੌੜੇ ਹੋਏ ਹਨ। ਤੁਹਾਡਾ ਪਿਤਾ ਜੋਧਾ ਮਨੁੱਖ ਹੈ ਅਰ ਉਹ ਲੋਕਾਂ ਦੇ ਨਾਲ ਨਾ ਰਹੇਗਾ
9 ਵੇਖੋ, ਜੋ ਉਹ ਹੁਣ ਕਿਸੇ ਖੋਹ ਵਿੱਚ ਯਾ ਕਿਸੇ ਹੋਰ ਥਾਂ ਵਿੱਚ ਲੁੱਕਿਆ ਹੋਇਆ ਹੈ ਅਤੇ ਜੇ ਕਰ ਪਹਿਲੇ ਪਹਿਲ ਹੀ ਲੋਕਾਂ ਵਿੱਚੋਂ ਕੋਈ ਹਾਰ ਜਾਣ ਤਾਂ ਸਭਨਾਂ ਵਿੱਚ ਏਹੋ ਹੀ ਸੁਣਿਆ ਜਾਵੇਗਾ ਭਈ ਅਬਸ਼ਾਲੋਮ ਦੇ ਲੋਕਾਂ ਵਿੱਚ ਵਾਢ ਪੈ ਗਈ
10 ਅਤੇ ਉਸ ਵੇਲੇ ਉਹ ਵੀ ਜੋ ਸੂਰਮਾ ਹੈ ਅਤੇ ਜਿਸ ਦਾ ਮਨ ਸ਼ੇਰ ਦੇ ਮਨ ਵਰਗਾ ਹੈ ਸੋ ਵੀ ਮੂਲੋਂ ਢਲ ਜਾਵੇਗਾ ਕਿਉਂ ਜੋ ਸਾਰਾ ਇਸਰਾਏਲ ਜਾਣਦਾ ਹੈ ਜੋ ਤੁਹਾਡਾ ਪਿਤਾ ਸੂਰਮਾ ਅਤੇ ਉਹ ਦੇ ਨਾਲ ਦੇ ਵੀ ਸਾਰੇ ਸੂਰਮੇ ਹਨ
11 ਸੋ ਮੈਂ ਇਹ ਸਲਾਹ ਦਿੰਦਾ ਹਾਂ ਭਈ ਸਾਰਾ ਇਸਰਾਏਲ ਦਾਨ ਤੋਂ ਲੈ ਕਿ ਬਏਰਸ਼ਬਾ ਤੋੜੀ ਐਨੇ ਲੋਕ ਤੁਹਾਡੇ ਨਾਲ ਇਕੱਠੇ ਹੋਣ ਜਿੰਨੀ ਸਮੁੰਦਰ ਦੇ ਕੰਢੇ ਉੱਤੇ ਰੇਤ ਹੁੰਦੀ ਹੈ ਅਤੇ ਤੁਸੀਂ ਆਪ ਲੜਾਈ ਉੱਤੇ ਚੜ੍ਹੋ
12 ਤਾਂ ਉਸੇ ਵੇਲੇ ਅਸੀਂ ਜਿੱਥੇ ਕਿਤੇ ਉਹ ਹੋਵੇ ਉਹ ਨੂੰ ਟੱਕਰਾਂਗੇ ਅਤੇ ਤ੍ਰੇਲ ਵਾਕਰ ਜੋ ਭੋਂ ਉੱਤੇ ਡਿੱਗਦੀ ਹੈ ਉਹ ਦੇ ਉੱਤੇ ਜਾ ਪਵਾਂਗੇ। ਤਦ ਉਹ ਅਰ ਸਭ ਲੋਕ ਜੋ ਉਹ ਦੇ ਨਾਲ ਹਨ ਸਭਨਾਂ ਵਿੱਚੋਂ ਇੱਕ ਵੀ ਜੀਉਂਦਾ ਨਾ ਰਹੇਗਾ
13 ਜੇ ਉਹ ਕਿਸੇ ਸ਼ਹਿਰ ਵਿੱਚ ਵੜ ਗਿਆ ਹੋਵੇ ਤਾਂ ਸਾਰੇ ਇਸਰਾਏਲੀ ਰੱਸੀਆਂ ਲੈ ਕੇ ਉਸ ਸ਼ਹਿਰ ਨੂੰ ਚੜ੍ਹ ਜਾਣਗੇ ਅਤੇ ਅਸੀਂ ਉਹ ਨੂੰ ਨਦੀ ਵਿੱਚ ਅਜੇਹਾ ਖਿੱਚ ਲਵਾਂਗੇ ਜੋ ਉੱਥੋਂ ਇੱਕ ਰੋੜਾ ਵੀ ਨਾ ਲੱਭੂ
14 ਤਦ ਅਬਸ਼ਾਲੋਮ ਅਤੇ ਸਾਰੇ ਇਸਰਾਏਲ ਦੇ ਮਨੁੱਖਾਂ ਆਖਿਆ, ਏਹ ਸਲਾਹ ਜੋ ਹੂਸ਼ਈ ਅਰਕੀ ਨੇ ਦਿੱਤੀ ਹੈ ਸੋ ਅਹੀਥੋਫ਼ਲ ਦੀ ਸਲਾਹ ਨਾਲੋਂ ਚੰਗੀ ਹੈ ਕਿਉਂ ਜੋ ਯਹੋਵਾਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਉਲਟਾਉਣ ਲਈ ਅੱਗੇ ਹੀ ਠਹਿਰਾ ਦਿੱਤਾ ਸੀ ਕਿ ਯਹੋਵਾਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।।
15 ਤਦ ਹੂਸ਼ਈ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਆਖਿਆ, ਭਈ ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਐਉਂ ਸਲਾਹ ਦਿੱਤੀ ਹੈ ਅਤੇ ਮੈਂ ਐਉਂ ਐਉਂ ਸਲਾਹ ਦਿੱਤੀ
16 ਸੋ ਹੁਣ ਛੇਤੀ ਹੀ ਕਿਸੇ ਨੂੰ ਘੱਲ ਕੇ ਦਾਊਦ ਨੂੰ ਆਖੋ ਭਈ ਅੱਜ ਦੀ ਰਾਤ ਉਜਾੜ ਦੇ ਪੱਤਣ ਕੋਲ ਨਾ ਰਹੋ ਪਰ ਸ਼ਤਾਬੀ ਪਾਰ ਲੰਘ ਜਾਓ ਅਜਿਹਾ ਨਾ ਹੋਵੇ ਜੋ ਪਾਤਸ਼ਾਹ ਅਤੇ ਉਹ ਦੇ ਨਾਲ ਦੇ ਸਭ ਲੋਕ ਨਿਗਲੇ ਜਾਣ
17 ਉਸ ਵੇਲੇ ਯੋਨਾਥਾਨ ਅਤੇ ਅਹੀਮਅਸ ਏਨ-ਰੋਗੇਲ ਵਿੱਚ ਰਹਿੰਦੇ ਸਨ ਭਈ ਉਨ੍ਹਾਂ ਦਾ ਆਉਣਾ ਜਾਣਾ ਸ਼ਹਿਰ ਵਿੱਚ ਜਾਣਿਆ ਨਾ ਜਾਵੇ ਅਤੇ ਇੱਕ ਗੋਲੀ ਨੇ ਉਨ੍ਹਾਂ ਨੂੰ ਜਾ ਦੱਸਿਆ ਸੋ ਓਹ ਗਏ ਅਤੇ ਦਾਊਦ ਪਾਤਸ਼ਾਹ ਨੂੰ ਖ਼ਬਰ ਜਾ ਦੱਸੀ
18 ਤਾਂ ਵੀ ਇੱਕ ਜੁਆਨ ਨੇ ਉਨ੍ਹਾਂ ਨੂੰ ਵੇਖ ਕੇ ਅਬਸ਼ਾਲੋਮ ਨੂੰ ਜਾ ਆਖਿਆ ਪਰ ਓਹ ਦੋਵੇਂ ਕਾਹਲੀ ਨਾਲ ਨਿੱਕਲ ਗਏ ਅਤੇ ਬਹੁਰੀਮ ਵਿੱਚ ਇੱਕ ਜਣੇ ਦੇ ਘਰ ਆਣ ਵੜੇ। ਉਸ ਦੇ ਵਿਹੜੇ ਵਿੱਚ ਇੱਕ ਖੂਹ ਸੀ, ਉਹ ਦੇ ਵਿੱਚ ਲਹਿ ਗਏ
19 ਅਤੇ ਤੀਵੀਂ ਨੇ ਇੱਕ ਕੱਪੜਾ ਲੈ ਕੇ ਖੂਹ ਦੇ ਮੂੰਹ ਉੱਤੇ ਪਾ ਦਿੱਤਾ ਅਤੇ ਉਸ ਉੱਤੇ ਦਲੀ ਹੋਈ ਕਣਕ ਪਾ ਦਿੱਤੀ ਸੋ ਉਹ ਗੱਲ ਪਰਗਟ ਨਾ ਹੋਈ
20 ਜਾਂ ਅਬਸ਼ਾਲੋਮ ਦੇ ਟਹਿਲੂਏ ਉਸ ਘਰ ਵਿੱਚ ਉਸ ਤੀਵੀਂ ਕੋਲ ਆਏ ਅਤੇ ਪੁੱਛਿਆ ਭਈ ਅਹੀਮਅਸ ਅਤੇ ਯੋਨਾਥਾਨ ਕਿੱਥੇ ਹਨ? ਤਾਂ ਉਸ ਤੀਵੀਂ ਨੇ ਉਨ੍ਹਾਂ ਨੂੰ ਆਖਿਆ, ਓਹ ਤਾਂ ਨਦੀਓਂ ਪਾਰ ਲੰਘ ਗਏ ਹੋਣਗੇ ਅਤੇ ਜਾਂ ਉਨ੍ਹਾਂ ਨੇ ਓਹਨਾਂ ਨੂੰ ਭਾਲਿਆ ਅਰ ਨਾ ਲੱਭੇ ਤਾਂ ਯਰੂਸ਼ਲਮ ਨੂੰ ਮੁੜ ਆਏ
21 ਅਤੇ ਅਜਿਹਾ ਹੋਇਆ ਭਈ ਜਾਂ ਓਹ ਮੁੜ ਗਏ ਤਾਂ ਓਹ ਖੂਹ ਵਿੱਚੋਂ ਨਿੱਕਲ ਕੇ ਤੁਰ ਪਏ ਅਤੇ ਦਾਊਦ ਪਾਤਸ਼ਾਹ ਨੂੰ ਖਬਰ ਜਾ ਦੱਸੀ ਅਤੇ ਓਹਨਾਂ ਨੇ ਦਾਊਦ ਨੂੰ ਆਖਿਆ, ਉੱਠੋਂ, ਛੇਤੀ ਪਾਰ ਲੰਘੋ ਕਿਉਂ ਜੋ ਅਹੀਥੋਫ਼ਲ ਨੇ ਤੁਹਾਡੇ ਉੱਤੇ ਇਸ ਤਰਾਂ ਸਲਾਹ ਦਿੱਤੀ ਹੈ
22 ਤਾਂ ਦਾਊਦ ਅਰ ਉਸ ਦੇ ਨਾਲ ਦੇ ਸਾਰੇ ਲੋਕ ਉੱਠੇ ਅਤੇ ਯਰਦਨੋਂ ਪਾਰ ਲੰਘ ਗਏ। ਪਹੁ ਫਟਦਿਆਂ ਤੋੜੀ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਰਿਹਾ ਸੀ ਜੋ ਯਰਦਨੋਂ ਪਾਰ ਨਾ ਲੰਘਿਆ ਹੋਵੇ।।
23 ਜਾਂ ਅਹੀਥੋਫ਼ਲ ਨੇ ਡਿੱਠਾ ਭਈ ਮੇਰੀ ਸਲਾਹ ਨੂੰ ਨਹੀਂ ਵਰਤਿਆ ਤਾਂ ਉਸ ਨੇ ਆਪਣੇ ਖੋਤੇ ਉੱਤੇ ਕਾਠੀ ਪਾਈ ਅਰ ਉੱਤੇ ਚੜ੍ਹ ਕੇ ਆਪਣੇ ਸ਼ਹਿਰ ਵਿੱਚ ਘਰ ਨੂੰ ਗਿਆ ਅਤੇ ਆਪਣੇ ਘਰਾਣੇ ਨੂੰ ਸੁਧਾਰ ਕੇ ਆਪਣੇ ਆਪ ਨੂੰ ਫਾਹੇ ਦੇ ਦਿੱਤਾ ਅਤੇ ਮਰ ਗਿਆ ਅਤੇ ਆਪਣੇ ਪਿਉ ਦੀ ਸਮਾਧ ਵਿੱਚ ਦੱਬਿਆ ਗਿਆ
24 ਦਾਊਦ ਮਹਨਇਮ ਵਿੱਚ ਆਇਆ ਅਤੇ ਅਬਸ਼ਾਲੋਮ ਯਰਦਨੋਂ ਪਾਰ ਲੰਘ ਗਿਆ ਉਹ ਅਰ ਇਸਰਾਏਲ ਦੇ ਸਾਰੇ ਲੋਕ ਉਹ ਦੇ ਨਾਲ।।
25 ਅਬਸ਼ਾਲੋਮ ਨੇ ਯੋਆਬ ਦੇ ਥਾਂ ਅਮਾਸਾ ਨੂੰ ਸੈਨਾ ਪਤੀ ਬਣਾਇਆ। ਇਹ ਅਮਾਸਾ ਇੱਕ ਯਿਥਰਾ ਨਾਮੇ ਇਸਰਾਏਲੀ ਮਨੁੱਖ ਦਾ ਪੁੱਤ੍ਰ ਸੀ ਉਸ ਨੇ ਨਾਹਸ਼ ਦੀ ਧੀ ਯੋਆਬ ਦੀ ਮਾਂ ਸਰੂਯਾਹ ਦੀ ਭੈਣ ਅਬੀਗੈਲ ਨਾਲ ਭੋਗ ਕੀਤਾ ਸੀ
26 ਸੋ ਇਸਰਾਏਲ ਅਤੇ ਅਬਸ਼ਾਲੋਮ ਨੇ ਗਿਲਆਦ ਦੇ ਦੇਸ ਵਿੱਚ ਤੰਬੂ ਲਾਏ।।
27 ਜਾਂ ਦਾਊਦ ਮਹਨਇਮ ਵਿੱਚ ਅੱਪੜਿਆ ਤਾਂ ਅਜਿਹਾ ਹੋਇਆ ਜੋ ਨਾਹਸ਼ ਦਾ ਪੁੱਤ੍ਰ ਸ਼ੋਬੀ ਅੰਮੋਨੀਆਂ ਦੇ ਰੱਬਾਹ ਤੋਂ ਅਤੇ ਅੰਮੀਏਲ ਦਾ ਪੁੱਤ੍ਰ ਮਾਕੀਰ ਲੋ-ਦੇਬਾਰ ਤੋਂ ਅਤੇ ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ
28 ਮੰਜੇ, ਭਾਂਡੇ, ਮਿੱਟੀ ਦੇ ਭਾਂਡੇ, ਕਣਕ, ਜੌਂ, ਆਟਾ, ਭੁੰਨੇ ਹੋਏ ਅਨਾਜ, ਰਵਾਂਹ ਦੀਆਂ ਫਲੀਆਂ, ਮਸਰ, ਭੁੰਨੇ ਹੋਏ ਛੋਲੇ,
29 ਸ਼ਹਿਤ, ਮੱਖਣ, ਭੇਡਾਂ ਅਤੇ ਗੋਕਾ ਪਨੀਰ ਦਾਊਦ ਦੇ ਅਰ ਉਹ ਦੇ ਨਾਲ ਦੇ ਲੋਕਾਂ ਦੇ ਖਾਣ ਲਈ ਲੈ ਆਏ ਕਿਉਂ ਜੋ ਉਨ੍ਹਾਂ ਨੇ ਆਖਿਆ ਭਈ ਓਹ ਲੋਕ ਉਜਾੜ ਦੇ ਵਿੱਚ ਭੁੱਖੇ, ਥੱਕੇ ਹੋਏ ਅਤੇ ਤਿਹਾਏ ਹਨ।।

2-Samuel 17:4 Punjabi Language Bible Words basic statistical display

COMING SOON ...

×

Alert

×