Bible Languages

Indian Language Bible Word Collections

Bible Versions

Books

Matthew Chapters

Matthew 8 Verses

Bible Versions

Books

Matthew Chapters

Matthew 8 Verses

1 ਜਾਂ ਉਹ ਪਹਾੜੋਂ ਉੱਤਰਿਆ ਤਾਂ ਵੱਡੀ ਭੀੜ ਉਹ ਦੇ ਮਗਰ ਲੱਗ ਪਈ
2 ਅਤੇ ਵੇਖੋ ਇੱਕ ਕੋੜ੍ਹੀ ਨੇ ਕੋਲ ਆਣ ਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, ਪ੍ਰਭੁ ਜੀ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ
3 ਤਾਂ ਉਸ ਨੇ ਹੱਥ ਲੰਮਾ ਕਰ ਕੇ ਉਹ ਨੂੰ ਛੋਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ ਅਤੇ ਉਸੇ ਵੇਲੇ ਉਹ ਦਾ ਕੋੜ੍ਹ ਜਾਂਦਾ ਰਿਹਾ
4 ਤਾਂ ਯਿਸੂ ਨੇ ਉਹ ਨੂੰ ਆਖਿਆ, ਖ਼ਬਰਦਾਰ! ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣਾ ਆਪ ਜਾਜਕ ਨੂੰ ਵਿਖਾ ਅਤੇ ਜਿਹੜੀ ਭੇਟ ਮੂਸਾ ਨੇ ਠਹਿਰਾਈ ਚੜ੍ਹਾ ਭਈ ਉਨ੍ਹਾਂ ਲਈ ਸਾਖੀ ਹੋਵੇ।।
5 ਜਾਂ ਉਹ ਕਫ਼ਰਨਾਹੂਮ ਵਿੱਚ ਵੜਿਆ ਤਾਂ ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਹ ਦੀ ਮਿੰਨਤ ਕਰ ਕੇ ਕਿਹਾ,
6 ਪ੍ਰਭੁ ਜੀ ਮੇਰਾ ਨੌਕਰ ਝੋਲੇ ਦਾ ਮਾਰਿਆ ਘਰ ਵਿੱਚ ਵੱਡਾ ਦੁੱਖੀ ਪਿਆ ਹੈ
7 ਅਤੇ ਉਸ ਨੇ ਉਹ ਨੂੰ ਆਖਿਆ, ਮੈਂ ਆਣ ਕੇ ਉਹ ਨੂੰ ਚੰਗਾ ਕਰ ਦਿਆਂਗਾ
8 ਪਰ ਸੂਬੇਦਾਰ ਨੇ ਉੱਤਰ ਦਿੱਤਾ, ਪ੍ਰਭੁ ਜੀ ਮੈਂ ਇਸ ਜੋਗ ਨਹੀਂ ਜੋ ਤੂੰ ਮੇਰੀ ਛੱਤ ਦੇ ਹੇਠ ਆਵੇਂ ਪਰ ਨਿਰਾ ਬਚਨ ਹੀ ਕਰ ਤਾਂ ਮੇਰਾ ਨੌਕਰ ਚੰਗਾ ਹੋ ਜਾਊ
9 ਕਿਉਂ ਜੋ ਮੈਂ ਭੀ ਇੱਕ ਮਨੁੱਖ ਦੂਏ ਦੇ ਹੁਕਮ ਵਿੱਚ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਇਖ਼ਤਿਆਰ ਵਿੱਚ ਰੱਖਦਾ ਹਾਂ ਅਰ ਇੱਕ ਨੂੰ ਆਖਦਾ ਹਾਂ, ਜਾਹ! ਤਾਂ ਉਹ ਜਾਂਦਾ ਹੈ ਅਤੇ ਦੂਏ ਨੂੰ, ਆ! ਤਾਂ ਉਹ ਆਉਂਦਾ ਹੈ ਅਰ ਆਪਣੇ ਚਾਕਰ ਨੂੰ, ਇਹ ਕਰ! ਤਾਂ ਉਹ ਕਰਦਾ ਹੈ
10 ਯਿਸੂ ਨੇ ਇਹ ਸੁਣ ਅਚਰਜ ਮੰਨਿਆ ਅਤੇ ਉਨ੍ਹਾਂ ਨੂੰ ਜਿਹੜੇ ਮਗਰ ਮਗਰ ਆਉਂਦੇ ਸਨ ਕਿਹਾ ਭਈ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਇਸਰਾਏਲ ਵਿੱਚ ਵੀ ਮੈਂ ਐਡੀ ਨਿਹਚਾ ਨਹੀਂ ਵੇਖੀ!
11 ਅਰ ਮੈਂ ਤੁਹਾਨੂੰ ਆਖਦਾ ਹਾਂ ਜੋ ਬਥੇਰੇ ਚੜ੍ਹਦਿਓਂ ਅਤੇ ਲਹਿੰਦਿਓਂ ਆਉਣਗੇ ਅਤੇ ਸੁਰਗ ਦੇ ਰਾਜ ਵਿੱਚ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਬੈਠਣਗੇ
12 ਪਰ ਰਾਜ ਦੇ ਪੁੱਤ੍ਰ ਬਾਹਰ ਦੇ ਅੰਧਘੋਰ ਵਿੱਚ ਕੱਢੇ ਜਾਣਗੇ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ
13 ਤਾਂ ਯਿਸੂ ਨੇ ਸੂਬੇਦਾਰ ਨੂੰ ਕਿਹਾ, ਜਾਹ, ਜਿਹੀ ਤੈਂ ਨਿਹਚਾ ਕੀਤੀ ਤੇਰੇ ਲਈ ਤਿਹਾ ਹੀ ਹੋਵੇ ਅਤੇ ਉਹ ਨੌਕਰ ਉਸੇ ਘੜੀ ਚੰਗਾ ਹੋ ਗਿਆ।।
14 ਯਿਸੂ ਨੇ ਪਤਰਸ ਦੇ ਘਰ ਵਿੱਚ ਆਣ ਕੇ ਉਹ ਦੀ ਸੱਸ ਨੂੰ ਤਾਪ ਨਾਲ ਪਈ ਹੋਈ ਵੇਖਿਆ
15 ਅਤੇ ਉਸ ਨੇ ਉਹ ਦਾ ਹੱਥ ਛੋਹਿਆ ਅਤੇ ਉਹ ਦਾ ਤਾਪ ਲਹਿ ਗਿਆ ਅਰ ਉਹ ਨੇ ਉੱਠ ਕੇ ਉਸ ਦੀ ਖ਼ਾਤਰ ਕੀਤੀ
16 ਅਤੇ ਜਾਂ ਸੰਝ ਹੋਈ ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਉਸ ਨੇ ਬਚਨ ਨਾਲ ਰੂਹਾਂ ਨੂੰ ਕੱਢ ਦਿੱਤਾ ਅਰ ਸਾਰੇ ਰੋਗੀਆਂ ਨੂੰ ਚੰਗਿਆ ਕੀਤਾ
17 ਤਾਂ ਜੋ ਯਸਾਯਾਹ ਨਬੀ ਦਾ ਉਹ ਵਾਕ ਪੂਰਾ ਹੋਵੇ ਭਈ ਉਹ ਨੇ ਆਪੇ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ।।
18 ਤਦ ਯਿਸੂ ਨੇ ਬਹੁਤ ਭੀੜ ਆਪਣੇ ਚੁਫੇਰੇ ਵੇਖ ਕੇ ਪਾਰ ਚੱਲਣ ਦੀ ਆਗਿਆ ਦਿੱਤੀ
19 ਅਤੇ ਇੱਕ ਗ੍ਰੰਥੀ ਨੇ ਕੋਲ ਆਣ ਕੇ ਉਹ ਨੂੰ ਕਿਹਾ, ਗੁਰੂ ਜੀ ਜਿੱਥੇ ਕਿਤੇ ਤੂੰ ਜਾਵੇਂ ਮੈਂ ਤੇਰੇ ਮਗਰ ਚੱਲਾਂਗਾ
20 ਅਤੇ ਯਿਸੂ ਨੇ ਉਹ ਨੂੰ ਆਖਿਆ ਭਈ ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ
21 ਅਰ ਚੇਲਿਆਂ ਵਿੱਚੋ ਹੋਰ ਦੂਏ ਨੇ ਉਹ ਨੂੰ ਆਖਿਆ, ਪ੍ਰਭੁ ਜੀ ਮੈਨੂੰ ਪਰਵਾਨਗੀ ਦਿਹ ਜੋ ਪਹਿਲਾਂ ਜਾ ਕੇ ਆਪਣੇ ਪਿਉ ਨੂੰ ਦੱਬਾਂ
22 ਪਰ ਯਿਸੂ ਨੇ ਉਹ ਨੂੰ ਕਿਹਾ, ਤੂੰ ਮੇਰੇ ਮਗਰ ਚੱਲਿਆ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦਿਹ।।
23 ਜਾਂ ਉਹ ਬੇੜੀ ਉੱਤੇ ਚੜ੍ਹਿਆ ਉਹ ਦੇ ਚੇਲੇ ਉਹ ਦੇ ਮਗਰ ਆਏ
24 ਅਰ ਵੇਖੋ ਝੀਲ ਵਿੱਚ ਐਡਾ ਵੱਡਾ ਤੁਫ਼ਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਲੁਕਦੀ ਜਾਂਦੀ ਸੀ ਪਰ ਉਹ ਸੁੱਤਾ ਪਿਆ ਸੀ
25 ਅਤੇ ਉਨ੍ਹਾਂ ਨੇ ਕੋਲ ਆਣ ਕੇ ਉਹ ਨੂੰ ਜਗਾਇਆ ਅਤੇ ਕਿਹਾ, ਪ੍ਰਭੁ ਜੀ ਬਚਾ! ਅਸੀਂ ਤਾਂ ਮਰ ਚੱਲੇ ਹਾਂ!
26 ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਹੇ ਥੋੜੀ ਪਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ? ਤਦ ਉਹ ਨੇ ਉੱਠ ਕੇ ਪੌਣ ਅਤੇ ਝੀਲ ਨੂੰ ਦਬਕਾ ਦਿੱਤਾ ਅਤੇ ਵੱਡਾ ਚੈਨ ਹੋ ਗਿਆ
27 ਤਾਂ ਓਹ ਮਨੁੱਖ ਹੈਰਾਨ ਹੋਕੇ ਬੋਲੇ ਜੋ ਇਹ ਕਿਹੋ ਜਿਹਾ ਪੁਰਖ ਹੈ ਕਿ ਪੌਣ ਅਤੇ ਝੀਲ ਭੀ ਉਹ ਦੀ ਮੰਨ ਲੈਂਦੇ ਹਨ?।।
28 ਜਾਂ ਉਹ ਪਾਰ ਗਦਰੀਨੀਆਂ ਦੇ ਦੇਸ ਵਿੱਚ ਪਹੁੰਚਿਆ ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿੱਕਲ ਕੇ ਉਹ ਨੂੰ ਮਿਲੇ ਅਤੇ ਓਹ ਐਡੇ ਕਰੜੇ ਸਨ ਜੋ ਉਸ ਰਸਤੇ ਕੋਈ ਲੰਘ ਨਹੀਂ ਸੀ ਸੱਕਦਾ
29 ਅਤੇ ਵੇਖੋ, ਉਨ੍ਹਾਂ ਨੇ ਪੁਕਾਰ ਕੇ ਆਖਿਆ, ਹੇ ਪਰਮੇਸ਼ੁਰ ਦੇ ਪੁੱਤ੍ਰ ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਵੇਲਿਓਂ ਪਹਿਲਾਂ ਸਾਨੂੰ ਦੁਖ ਦੇਣ ਐਥੇ ਆਇਆ ਹੈ?
30 ਉਨ੍ਹਾਂ ਤੋਂ ਕੁਝ ਦੂਰ ਬਹੁਤ ਸਾਰਿਆਂ ਸੂਰਾਂ ਦਾ ਇੱਜੜ ਚੁਗਦਾ ਸੀ
31 ਅਰ ਭੂਤਾਂ ਨੇ ਉਹਦੀਆਂ ਮਿੰਨਤਾਂ ਕਰ ਕੇ ਆਖਿਆ ਕਿ ਜੇ ਤੂੰ ਸਾਨੂੰ ਕੱਢਦਾ ਹੈਂ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਘੱਲ ਦਿਹ
32 ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ! ਤਾਂ ਓਹ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਵੇਖੋ ਕਿ ਸਾਰਾ ਇੱਜੜ ਢਾਹੇ ਉੱਤੋਂ ਸਿਰ ਤੋਂੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬ ਮੋਇਆ
33 ਤਦ ਚੁਗਾਉਣ ਵਾਲੇ ਨੱਠੇ ਅਤੇ ਨਗਰ ਵਿੱਚ ਜਾ ਕੇ ਸਾਰੀ ਵਾਰਤਾ ਅਤੇ ਭੂਤਾਂ ਵਾਲਿਆਂ ਦੀ ਵਿਥਿਆ ਸੁਣਾ ਦਿੱਤੀ
34 ਅਤੇ ਵੇਖੋ ਸਾਰਾ ਨਗਰ ਯਿਸੂ ਦੇ ਮਿਲਨ ਨੂੰ ਨਿੱਕਲਿਆ ਅਰ ਜਾਂ ਉਹ ਨੂੰ ਵੇਖਿਆ ਤਾਂ ਉਹਦੀਆਂ ਮਿੰਨਤਾਂ ਕੀਤੀਆਂ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ।।

Matthew 8:1 Punjabi Language Bible Words basic statistical display

COMING SOON ...

×

Alert

×