Bible Languages

Indian Language Bible Word Collections

Bible Versions

Books

Daniel Chapters

Daniel 6 Verses

Bible Versions

Books

Daniel Chapters

Daniel 6 Verses

1 ਦਾਰਾ ਨੂੰ ਚੰਗਾ ਲੱਗਾ ਜੋ ਉਸ ਰਾਜ ਉੱਤੇ ਇੱਕ ਸੌ ਵੀਹ ਮਨਸਬਦਾਰ ਠਹਿਰਾਏ ਜੋ ਕੁਲ ਰਾਜ ਉੱਤੇ ਸਰਦਾਰੀ ਕਰਨ
2 ਅਤੇ ਉਨ੍ਹਾਂ ਉੱਤੇ ਤਿੰਨ ਪਰਧਾਨ ਜਿਨ੍ਹਾਂ ਵਿੱਚੋਂ ਇੱਕ ਦਾਨੀਏਲ ਸੀ ਏਸ ਕਰਕੇ ਜੋ ਮਨਸਬਦਾਰ ਉਨ੍ਹਾਂ ਨੂੰ ਲੇਖਾ ਦੇਣ ਤਾਂ ਜੋ ਰਾਜੇ ਨੂੰ ਘਾਟਾ ਨਾ ਪਵੇ
3 ਇੱਕ ਚੰਗਾ ਆਤਮਾ ਦਾਨੀਏਲ ਵਿੱਚ ਸੀ ਏਸੇ ਕਰਕੇ ਉਹ ਨੂੰ ਮਨਸਬਦਾਰਾਂ ਤੇ ਪਰਧਾਨਾਂ ਨਾਲੋਂ ਵੱਡਿਆਈ ਮਿਲੀ ਅਤੇ ਰਾਜੇ ਨੇ ਚਾਹਿਆ ਭਈ ਉਹ ਨੂੰ ਸਾਰੇ ਰਾਜ ਉੱਤੇ ਮੁਖਤਿਆਰ ਕਰੇ।।
4 ਤਦ ਉਨ੍ਹਾਂ ਮਨਸਬਦਾਰਾਂ ਤੇ ਪਰਧਾਨਾਂ ਨੇ ਚਾਹਿਆ ਭਈ ਕਿਵੇਂ ਨਾ ਕਿਵੇਂ ਰਾਜ ਕਾਜ ਦੇ ਕਾਰਨ ਦਾਨੀਏਲ ਉੱਤੇ ਕੋਈ ਦੋਸ਼ ਲਾਈਏ ਪਰ ਉਨ੍ਹਾਂ ਨੂੰ ਕੋਈ ਦੋਸ਼ ਯਾ ਖੋਟ ਨਾ ਲੱਭਾ ਕਿਉਂ ਜੋ ਉਹ ਵਫ਼ਾਦਾਰ ਸੀ ਅਤੇ ਉਹ ਦੇ ਵਿੱਚ ਕੋਈ ਔਗਣ ਯਾ ਖੋਟ ਨਾ ਲੱਭਾ
5 ਤਾਂ ਉਨ੍ਹਾਂ ਮਨੁੱਖਾਂ ਨੇ ਆਖਿਆ ਕਿ ਅਸੀਂ ਏਸ ਦਾਨੀਏਲ ਨੂੰ ਉਹ ਦੇ ਪਰਮੇਸ਼ੁਰ ਦੀ ਬਿਵਸਥਾ ਦੇ ਬਿਨਾਂ ਹੋਰ ਕਿਸੇ ਗੱਲ ਵਿੱਚ ਦੋਸ਼ੀ ਨਾ ਲੱਭਾਂਗੇ
6 ਤਾਂ ਏਹ ਪਰਧਾਨ ਤੇ ਮਨਸਬਦਾਰ ਇਕੱਠੇ ਹੋ ਕੇ ਰਾਜਾ ਕੋਲ ਆਏ ਅਤੇ ਉਹ ਨੂੰ ਇਉਂ ਆਖਿਆ, ਹੇ ਦਾਰਾ ਮਹਾਰਾਜ, ਜੁੱਗੋ ਜੁੱਗ ਜੀਉਂਦੇ ਰਹੋ!
7 ਰਾਜ ਦੇ ਸਾਰੇ ਪਰਧਾਨਾਂ, ਦੀਵਾਨਾਂ, ਮਨਸਬਦਾਰਾਂ, ਸਲਾਹਕਾਰਾਂ ਤੇ ਸਰਦਾਰਾਂ ਨੇ ਆਪੋ ਵਿੱਚ ਸਲਾਹ ਕੀਤੀ ਹੈ ਕਿ ਇੱਕ ਸ਼ਾਹੀ ਬਿਧੀ ਠਹਿਰਾਈ ਜਾਵੇ ਅਤੇ ਮਨਾਹੀ ਦਾ ਇੱਕ ਪੱਕਾ ਕਨੂਨ ਬਣਾਇਆ ਜਾਵੇ ਭਈ ਜਿਹੜਾ ਕੋਈ ਤੀਹਾਂ ਦਿਹਾੜਿਆਂ ਤੀਕ ਤੁਹਾਥੋਂ ਬਾਝ, ਹੇ ਰਾਜਨ, ਕਿਸੇ ਦਿਓਤੇ ਯਾ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ
8 ਹੁਣ ਹੇ ਰਾਜਨ, ਏਸ ਬਿਧੀ ਨੂੰ ਤੇਰੇ ਅਤੇ ਲਿਖਤ ਉੱਤੇ ਆਪਣੀ ਸਹੀ ਪਾ ਦਿਓ ਜੋ ਨਾ ਬਦਲੀ ਜਾਵੇ ਮਾਦੀਆਂ ਅਤੇ ਫਾਰਸੀਆਂ ਦੀ ਮਨਾਹੀ ਦੇ ਪੱਕੇ ਕਨੂਨ ਦੇ ਅਨੁਸਾਰ ਜੋ ਬਦਲਦਾ ਨਹੀਂ
9 ਸੋ ਦਾਰਾ ਰਾਜਾ ਨੇ ਉਸ ਲਿਖਤ ਅਤੇ ਬਿੱਧੀ ਉੱਤੇ ਸਹੀ ਪਾਈ।।
10 ਜਦ ਦਾਨੀਏਲ ਨੂੰ ਮਲੂਮ ਹੋਇਆ ਕਿ ਉਸ ਲਿਖਤ ਉੱਤੇ ਸਹੀ ਪੈ ਗਈ ਹੈ ਤਾਂ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯਰੂਸ਼ਲਮ ਵੱਲ ਸੀ ਅਤੇ ਦਿਨ ਵਿੱਚ ਤਿੰਨ ਵਾਰੀ ਗੋਡੇ ਨਿਵਾ ਕੇ ਪਰਮੇਸ਼ੁਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ
11 ਤਾਂ ਏਹ ਲੋਕ ਇਕੱਠੇ ਹੋਏ ਅਤੇ ਦਾਨੀਏਲ ਨੂੰ ਆਪਣੇ ਪਰਮੇਸ਼ੁਰ ਦੇ ਸਾਹਮਣੇ ਬੇਨਤੀਆਂ ਅਤੇ ਤਰਲੇ ਕਰਦਿਆਂ ਪਾਇਆ
12 ਫੇਰ ਓਹ ਨੇੜੇ ਆਏ ਅਤੇ ਰਾਜੇ ਦੇ ਸਾਹਮਣੇ ਰਾਜੇ ਦੇ ਪੱਕੇ ਕਨੂਨ ਲਈ ਆਖਿਆ ਭਈ ਹੇ ਰਾਜਨ, ਕੀ ਤੁਸੀਂ ਉਸ ਬਿਧੀ ਉੱਤੇ ਸਹੀ ਨਹੀਂ ਪਾਈ ਭਈ ਜਿਹੜਾ ਕੋਈ ਤੀਹਾਂ ਦਿਨਾਂ ਤੀਕ ਤੁਹਾਥੋਂ ਬਾਝ ਕਿਸੇ ਦਿਉਤੇ ਯਾ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇਗਾॽ ਰਾਜੇ ਨੇ ਉੱਤਰ ਦੇ ਕੇ ਆਖਿਆ ਕਿ ਏਹ ਗੱਲ ਸੱਚ ਹੈ, ਮਾਦੀਆਂ ਅਤੇ ਫਾਰਸੀਆਂ ਦੇ ਕਨੂਨ ਅਨੁਸਾਰ ਜੋ ਬਦਲਦੇ ਨਹੀਂ
13 ਉਨ੍ਹਾਂ ਨੇ ਉੱਤਰ ਦਿੱਤਾ ਅਤੇ ਰਾਜੇ ਦੇ ਅੱਗੇ ਬੇਨਤੀ ਕੀਤੀ ਭਈ ਹੇ ਰਾਜਨ, ਉਹ ਦਾਨੀਏਲ ਜੋ ਯਹੂਦੀਆਂ ਦੇ ਅਸੀਰਾਂ ਵਿੱਚੋਂ ਹੈ ਉਹ ਤੁਹਾਨੂੰ ਨਹੀਂ ਮੰਨਦਾ ਅਤੇ ਨਾ ਹੀ ਉਸ ਕਨੂਨ ਨੂੰ ਜਿਹ ਦੇ ਉੱਤੇ ਤੁਸਾਂ ਸਹੀ ਪਾਈ ਹੈ ਪਰ ਹਰ ਰੋਜ਼ ਤਿੰਨ ਵਾਰੀ ਬੇਨਤੀ ਕਰਦਾ ਹੈ
14 ਜਦ ਰਾਜੇ ਨੇ ਏਹ ਗੱਲ ਸੁਣੀ ਤਦ ਆਪਣੇ ਆਪ ਵਿੱਚ ਵੱਡਾ ਛਿੱਥਾ ਹੋਇਆ ਅਤੇ ਉਸ ਨੇ ਮਨ ਵਿੱਚ ਚਾਹਿਆ ਭਈ ਦਾਨੀਏਲ ਨੂੰ ਛੁਡਾਵੇ ਅਤੇ ਸੂਰਜ ਦੇ ਅਸਤਣ ਤੀਕ ਉਹ ਦੇ ਛੁਡਾਉਣ ਲਈ ਜਤਨ ਕਰਦਾ ਰਿਹਾ
15 ਫੇਰ ਓਹ ਮਨੁੱਖ ਰਾਜੇ ਦੇ ਸਾਹਮਣੇ ਇਕੱਠੇ ਹੋਏ ਅਤੇ ਰਾਜੇ ਨੂੰ ਆਖਣ ਲੱਗੇ, ਹੇ ਰਾਜਨ, ਤੁਸੀਂ ਜਾਣ ਲਓ ਕਿ ਮਾਦੀਆਂ ਅਤੇ ਫਾਰਸੀਆਂ ਦਾ ਏਹ ਕਨੂਨ ਹੈ ਕਿ ਜੋ ਮਨਾਹੀ ਦਾ ਪੱਕਾ ਕਾਨੂਨ ਅਤੇ ਸ਼ਾਹੀ ਬਿੱਧੀ ਰਾਜਾ ਠਹਿਰਾਵੇ ਸੋ ਬਦਲੀ ਨਾ ਜਾਵੇ
16 ਤਾਂ ਰਾਜੇ ਨੇ ਆਗਿਆ ਕੀਤੀ ਅਤੇ ਓਹ ਦਾਨੀਏਲ ਨੂੰ ਲੈ ਆਏ ਅਤੇ ਉਸ ਨੂੰ ਸ਼ੇਰਾ ਦੇ ਘੁਰੇ ਵਿੱਚ ਸੁੱਟ ਦਿੱਤਾ, ਪਰ ਰਾਜੇ ਨੇ ਦਾਨੀਏਲ ਨੂੰ ਆਖਿਆ ਸੀ ਕਿ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਕਰਦਾ ਹੈਂ ਉਹ ਤੈਨੂੰ ਛੁਡਾਊ!
17 ਅਤੇ ਇੱਕ ਪੱਥਰ ਲਿਆਂਦਾ ਗਿਆ ਅਤੇ ਉਸ ਘੁਰੇ ਦੇ ਮੂੰਹ ਉੱਤੇ ਰੱਖਿਆ ਗਿਆ ਅਤੇ ਰਾਜੇ ਨੇ ਆਪਣੀ ਅਤੇ ਪਰਧਾਨਾਂ ਦੀ ਮੋਹਰ ਉਹ ਦੇ ਉੱਤੇ ਲਾ ਦਿੱਤੀ ਏਸ ਲਈ ਭਈ ਜੋ ਗੱਲ ਦਾਨੀਏਲ ਲਈ ਠਹਿਰਾਈ ਗਈ ਹੈ ਨਾ ਬਦਲੇ।।
18 ਤਦ ਰਾਜਾ ਆਪਣੇ ਮਹਿਲ ਵਿੱਚ ਗਿਆ ਅਤੇ ਉਸ ਨੇ ਸਾਰੀ ਰਾਤ ਵਰਤ ਰੱਖਿਆ ਅਤੇ ਉਸ ਦੇ ਅੱਗੇ ਕੋਈ ਸ਼ੁਗਲ ਵਾਲੀ ਚੀਜ਼ ਨਾ ਲਿਆਂਦੀ ਗਈ ਅਤੇ ਉਸ ਦੀ ਨੀਂਦ ਜਾਂਦੀ ਰਹੀ
19 ਤਾਂ ਰਾਜਾ ਮੂੰਹ ਅਨ੍ਹੇਰੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੇ ਘੁਰੇ ਵੱਲ ਗਿਆ
20 ਅਤੇ ਜਦੋਂ ਉਹ ਘੁਰੇ ਮੁੱਢ ਦਾਨੀਏਲ ਕੋਲ ਜਾ ਪੁੱਜਾ ਤਾਂ ਚਿੰਤਾ ਦੀ ਅਵਾਜ਼ ਨਾਲ ਪੁਕਾਰਿਆ। ਰਾਜੇ ਨੇ ਦਾਨੀਏਲ ਨੂੰ ਆਖਿਆ, ਹੇ ਦਾਨੀਏਲ, ਜੀਉਂਦੇ ਪਰਮੇਸ਼ੁਰ ਦੇ ਉਪਾਸਕ, ਕੀ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਤੈਨੂੰ ਸ਼ੇਰਾਂ ਥੀਂ ਛੁਡਾਉਣ ਜੋਗ ਹੋਇਆॽ
21 ਤਦ ਦਾਨੀਏਲ ਨੇ ਰਾਜੇ ਨੂੰ ਆਖਿਆ, ਹੇ ਰਾਜਨ, ਜੁੱਗੋ ਜੁੱਗ ਜੀ
22 ਮੇਰੇ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ ਹੈ ਐਥੋਂ ਤੀਕ ਕਿ ਉਨ੍ਹਾਂ ਨੇ ਮੈਨੂੰ ਰਤੀ ਭਰ ਵੀ ਦੁਖ ਨਹੀਂ ਦਿੱਤਾ ਇਸ ਕਰਕੇ ਜੋ ਉਹ ਦੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ ਹੇ ਰਾਜਨ, ਮੈਂ ਦੋਸ਼ ਨਹੀਂ ਕੀਤਾ
23 ਰਾਜਾ ਆਪਣੇ ਆਪ ਵਿੱਚ ਉਹ ਦੇ ਲਈ ਬਹੁਤ ਖੁਸ਼ ਹੋਇਆ ਅਤੇ ਆਗਿਆ ਦਿੱਤੀ ਕਿ ਦਾਨੀਏਲ ਨੂੰ ਉਸ ਘੁਰੇ ਤੋਂ ਕੱਢੋ, ਸੋ ਦਾਨੀਏਲ ਉਸ ਘੁਰੇ ਤੋਂ ਕੱਢਿਆ ਗਿਆ ਅਤੇ ਉਸ ਦੇ ਉੱਤੇ ਰਤੀ ਵੀ ਔਖ ਨਾ ਲੱਭਾ, ਇਸ ਕਰਕੇ ਜੋ ਉਸ ਨੇ ਆਪਣੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ।।
24 ਤਾਂ ਰਾਜੇ ਨੇ ਹੁਕਮ ਦਿੱਤਾ ਅਰ ਓਹ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਦਾਨੀਏਲ ਉੱਤੇ ਦੋਸ਼ ਲਾਇਆ ਸੀ ਲੈ ਆਏ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਬਾਲ ਬੱਚਿਆਂ ਅਤੇ ਤੀਵੀਆਂ ਸਣੇ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ ਤਾਂ ਸ਼ੇਰ ਉਨ੍ਹਾਂ ਉੱਤੇ ਬਲਵਾਨ ਹੋਏ ਅਤੇ ਘੁਰੇ ਦੇ ਥੱਲੇ ਤੋੜੀ ਅੱਪੜਨ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਨ੍ਹਾਂ ਦੀਆਂ ਹੱਡੀਆਂ ਤੋੜ ਤਾੜ ਸੁੱਟੀਆਂ।।
25 ਤਾਂ ਦਾਰਾ ਰਾਜਾ ਨੇ ਸਾਰਿਆਂ ਲੋਕਾਂ ਅਤੇ ਕੌਮਾਂ ਅਤੇ ਭਾਖਿਆ ਨੂੰ ਜੋ ਸਾਰੇ ਸੰਸਾਰ ਵਿੱਚ ਵੱਸਦੇ ਹਨ ਲਿਖਤ ਕਰ ਘੱਲੀ ਕਿ ਤੁਹਾਡੀ ਸੁਖ ਸਾਂਦ ਵਧੇ
26 ਮੈਂ ਇਹ ਆਗਿਆ ਕਰਦਾ ਹਾਂ ਭਈ ਮੇਰੇ ਸਾਰੇ ਸ਼ਾਹੀਂ ਰਾਜ ਵਿੱਚ ਲੋਕ ਦਾਨੀਏਲ ਦੇ ਪਰਮੇਸ਼ੁਰ ਅੱਗੇ ਕੱਬਣ ਅਤੇ ਡਰਨ, - ਉਹ ਜੀਉਂਦਾ ਪਰਮੇਸ਼ੁਰ ਹੈ, ਅਤੇ ਸਦਾ ਲਈ ਕਾਇਮ ਹੈ। ਉਸ ਦਾ ਰਾਜ ਅਟੱਲ ਹੈ, ਅਤੇ ਉਸ ਦੀ ਪਾਤਸ਼ਾਹੀ ਆਖਰ ਤੀਕ ਰਹੇਗੀ।
27 ਉਹੋ ਹੀ ਛੁਡਾਉਂਦਾ ਅਤੇ ਬਚਾਉਂਦਾ ਹੈ, ਅਤੇ ਅਕਾਸ਼ ਅਰ ਧਰਤੀ ਵਿੱਚ ਉਹੋ ਹੀ ਨਿਸ਼ਾਨ ਅਰ ਅਚੰਭੇ ਕਰਦਾ ਹੈ, ਜਿਹ ਨੇ ਦਾਨੀਏਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ ਹੈ!।। ਸੋ ਇਹ ਦਾਨੀਏਲ ਦਾਰਾ ਦੇ ਰਾਜ ਅਤੇ ਖੋਰਸ ਫਾਰਸੀ ਦੇ ਰਾਜ ਵਿੱਚ ਭਾਗਵਾਨ ਹੋਇਆ।।

Daniel 6:1 Punjabi Language Bible Words basic statistical display

COMING SOON ...

×

Alert

×